ਮੁੰਬਈ, 13 ਜੂਨ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਹਾਰਾਸ਼ਟਰ ਦੇ ਪੁਣੇ ਤੋਂ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਗੁਜਰਾਤ ਤੋਂ ਸਾਥੀ ਨਵਨਾਥ ਸੂਰਿਆਵੰਸ਼ੀ ਸਮੇਤ ਫੜਿਆ ਗਿਆ ਸੀ। ਪੁਣੇ ਪੁਲਿਸ ਦੀ ਟੀਮ ਨੂੰ ਇਹ ਕਾਮਯਾਬੀ ਮਿਲੀ ਹੈ। ਉਸ ਨੂੰ 20 ਜੂਨ ਤੱਕ ਰਿਮਾਂਡ ‘ਤੇ ਲਿਆ ਗਿਆ ਹੈ।
ਸੰਤੋਸ਼ ਜਾਧਵ ਗੈਂਗਸਟਰ ਅਰੁਣ ਗਵਲੀ ਗੈਂਗ ਦਾ ਸਰਗਨਾ ਹੈ। ਸੰਤੋਸ਼ ਜਾਧਵ ਅਤੇ ਨਵਨਾਥ ਸੂਰਿਆਵੰਸ਼ੀ ਨੂੰ ਦਿੱਲੀ ਪੁਲਿਸ ਨੇ ਮੂਸੇਵਾਲਾ ਦੀ ਹੱਤਿਆ ਵਿੱਚ ਸ਼ਾਮਲ ਦੱਸਿਆ ਸੀ। ਜਿਸ ਤੋਂ ਬਾਅਦ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਉਸ ਨੂੰ 2021 ਵਿੱਚ ਪੁਣੇ ਵਿੱਚ ਦਰਜ ਹੋਏ ਇੱਕ ਕਤਲ ਕੇਸ ਵਿੱਚ ਫੜਿਆ ਗਿਆ ਹੈ।
ਪੁਣੇ ਪੁਲਿਸ ਨੇ ਇਸ ਤੋਂ ਪਹਿਲਾਂ ਸ਼ਾਰਪ ਸ਼ੂਟਰ ਸਿਧੇਸ਼ ਹੀਰਾਮਨ ਕਾਂਬਲੇ ਉਰਫ ਸੌਰਵ ਮਹਾਕਾਲ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਸੀ। ਜੋ ਵੀ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਸੀ। ਹਾਲਾਂਕਿ ਉਸ ਤੋਂ ਪੁੱਛਗਿੱਛ ਕਰਨ ‘ਤੇ ਦਿੱਲੀ ਪੁਲਸ ਨੇ ਕਿਹਾ ਕਿ ਉਹ ਇਸ ਕਤਲ ‘ਚ ਸ਼ਾਮਲ ਨਹੀਂ ਸੀ। ਉਸ ਨੇ ਸ਼ੂਟਰ ਮੁਹੱਈਆ ਕਰਵਾਏ ਸੀ।
ਇਸ ਮਾਮਲੇ ਵਿੱਚ ਪੁਲਿਸ ਨੇ 8 ਸ਼ੱਕੀ ਸ਼ਾਰਪ ਸ਼ੂਟਰਾਂ ਦੀ ਸੂਚੀ ਜਾਰੀ ਕੀਤੀ ਸੀ। ਜਿਨ੍ਹਾਂ ਵਿੱਚੋਂ ਪੂਨੇ ਦੇ ਸੌਰਵ ਮਹਾਕਾਲ, ਸੰਤੋਸ਼ ਜਾਧਵ ਅਤੇ ਬਠਿੰਡਾ ਦੇ ਹਰਕਮਲ ਰਾਣੂ ਸ਼ਾਮਲ ਹਨ। ਪੰਜਾਬ ਪੁਲਿਸ ਨੇ ਹਰਕਮਲ ਰਾਣੂ ਨੂੰ ਨਸ਼ੇੜੀ ਦੱਸ ਕੇ ਮੂਸੇਵਾਲਾ ਦੇ ਕਤਲ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਸੌਰਵ ਮਹਾਕਾਲ ਦੇ ਕਤਲ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ।
ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਹੱਥ ਖਾਲੀ ਹਨ। ਪੰਜਾਬ ਪੁਲਿਸ ਨੇ 4 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ ਪਰ ਅਜੇ ਤੱਕ ਕੋਈ ਵੀ ਫੜਿਆ ਨਹੀਂ ਗਿਆ ਹੈ। ਹਾਲਾਂਕਿ ਸ਼ੂਟਰਾਂ ਦਾ ਸਮਰਥਨ ਕਰਨ ਵਾਲੇ 8 ਲੋਕ ਜ਼ਰੂਰ ਫੜੇ ਗਏ ਹਨ। ਜਿਸ ਵਿੱਚ ਕਾਲਾਂਵਾਲੀ, ਹਰਿਆਣਾ ਦਾ ਸੰਦੀਪ ਕੇਕੜਾ, ਜੋ ਮੂਸੇਵਾਲਾ ਦੀ ਰੇਕੀ ਕਰਦਾ ਹੈ, ਵੀ ਸ਼ਾਮਲ ਹੈ।