ਮੋਦੀ ਵੱਲੋਂ ਦੇਸ਼ ‘ਚ ਇੱਕ ਸਮਾਨ ਨਾਗਰਿਕ ਕੋਡ ਲਾਗੂ ਕਰਨ ਦਾ ਮਹਿਲਾ ਕਿਸਾਨ ਯੂਨੀਅਨ ਵੱਲੋਂ ਵਿਰੋਧ

  • ਘੱਟ ਗਿਣਤੀਆਂ ਦਾ ਸਮਾਜਿਕ ਤਾਣਾ-ਬਾਣਾ ਤੇ ਪਰਿਵਾਰਕ ਢਾਂਚਾ ਹੋਵੇਗਾ ਬੁਰੀ ਤਰ੍ਹਾਂ ਪ੍ਰਭਾਵਿਤ : ਬੀਬਾ ਰਾਜੂ
  • ਆਪ ਪਾਰਟੀ ਨੇ ਭਾਜਪਾਈ ਏਜੰਡੇ ਦੇ ਸਾਰਥੀ ਬਣਕੇ ਘੱਟ ਗਿਣਤੀਆਂ ਦੇ ਹਿੱਤਾਂ ਨਾਲ ਧ੍ਰੋਹ ਕਮਾਇਆ : ਕਿਸਾਨ ਨੇਤਾ

ਜਲੰਧਰ, 29 ਜੂਨ 2023 – ਇੱਕਸਮਾਨ ਨਾਗਰਿਕ ਕੋਡ (ਯੂਨੀਫਾਰਮ ਸਿਵਲ ਕੋਡ) ਦੇ ਦੂਰਗਾਮੀ ਨੁਕਸਾਨਦੇਹ ਪ੍ਰਭਾਵਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੀ ਮੈਂਬਰ ਮਹਿਲਾ ਕਿਸਾਨ ਯੂਨੀਅਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਕਾਨੂੰਨ ਨੂੰ ਦੇਸ਼ ਅੰਦਰ ਜਲਦਬਾਜ਼ੀ ਵਿਚ ਲਾਗੂ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਇਸ ਫੈਸਲੇ ‘ਤੇ ਮੁੜ ਵਿਚਾਰ ਕੀਤਾ ਜਾਵੇ ਤਾਂ ਜੋ ਇਸ ਨਾਲ ਭਾਰਤ ਦੇ ਵਿਭਿੰਨ ਸੱਭਿਆਚਾਰਕ ਤਾਣੇ-ਬਾਣੇ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਇੱਕ ਬਿਆਨ ਵਿੱਚ, ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਭਗਵਾ ਪਾਰਟੀ ਬੀਜੇਪੀ ਦਾ ਉਦੇਸ਼ ਸਾਰੇ ਭਾਈਚਾਰਿਆਂ ਅਤੇ ਧਰਮਾਂ ਦੇ ਵਿਆਹ, ਤਲਾਕ, ਵਿਰਾਸਤ ਅਤੇ ਗੋਦ ਲੈਣ ਸਮੇਤ ਨਿੱਜੀ ਕਾਨੂੰਨਾਂ ਤੇ ਮਾਮਲਿਆਂ ਨੂੰ ਕੰਟਰੋਲ ਕਰਨ ਲਈ ਇਕਸਾਰ ਕਾਨੂੰਨ ਸਥਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਦਰਜ ਸਮਾਨਤਾ ਦਾ ਸਿਧਾਂਤ ਸ਼ਲਾਘਾਯੋਗ ਹੈ ਪਰ ਅਫ਼ਸੋਸ ਹੈ ਕਿ ਇਸ ਕੋਡ ਨੂੰ ਲਾਗੂ ਕਰਨ ਲਈ ਸੱਜੇ-ਪੱਖੀ ਪਾਰਟੀ ਦੀ ਪਹੁੰਚ ਵਿੱਚ ਭਾਰਤ ਦੀ ਅਮੀਰ ਸੱਭਿਆਚਾਰਕ ਅਤੇ ਧਾਰਮਿਕ ਵਿਭਿੰਨਤਾ ਪ੍ਰਤੀ ਸੰਵੇਦਨਸ਼ੀਲਤਾ ਅਤੇ ਸਮਝਦਾਰੀ ਦੀ ਘਾਟ ਹੈ।

ਮਹਿਲਾ ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਭਾਜਪਾ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਜਿੱਤਣ ਲਈ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਨਾਲ ਦੇਸ਼ ਵਿੱਚ ਧਰੁਵੀਕਰਨ ਕਰਨ ’ਤੇ ਤੁਲੀ ਹੋਈ ਹੈ।

ਉਨਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਸਮੂਹ ਵਰਗਾਂ ਨਾਲ ਸਹੀ ਸਲਾਹ-ਮਸ਼ਵਰੇ ਤੋਂ ਬਿਨਾਂ ਇਕਸਾਰ ਕੋਡ ਨੂੰ ਲਾਗੂ ਕਰਨਾ ਅਤੇ ਜਲਦਬਾਜ਼ੀ ਵਿਚ ਕੀਤਾ ਗਿਆ ਕਦਮ ਵੱਖ-ਵੱਖ ਭਾਈਚਾਰਿਆਂ, ਆਦਿਵਾਸੀਆਂ ਅਤੇ ਖਾਸ ਤੌਰ ‘ਤੇ ਧਾਰਮਿਕ ਅਤੇ ਸੱਭਿਆਚਾਰਕ ਘੱਟ ਗਿਣਤੀਆਂ ਨਾਲ ਸਬੰਧਤ ਮੌਲਿਕ ਅਧਿਕਾਰਾਂ, ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨੂੰ ਕਮਜ਼ੋਰ ਕਰੇਗਾ।

ਇਸ ਕੋਡ ਲਈ ਭਾਜਪਾ ਨੂੰ ਹਮਾਇਤ ਦੇਣ ਬਾਰੇ ਮਹਿਲਾ ਕਿਸਾਨ ਯੂਨੀਅਨ ਨੇ ਆਮ ਆਦਮੀ ਪਾਰਟੀ (ਆਪ), ਇਸ ਦੇ ਨੇਤਾ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਭਾਜਪਾ ਦੇ ਏਜੰਡੇ ਦੇ ਸਾਰਥੀ ਬਣਕੇ ਇਨ੍ਹਾਂ ਸਿਆਸੀ ਨੇਤਾਵਾਂ ਨੇ ਉਨ੍ਹਾਂ ਵਰਗਾਂ ਦੇ ਹਿੱਤਾਂ ਨਾਲ ਧੋਖਾ ਕੀਤਾ ਹੈ ਜਿਨ੍ਹਾਂ ਦੀ ਉਹ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੇ ਹਨ। ਉਨਾਂ ਕਿਹਾ ਕਿ ਆਪ ਵੱਲੋਂ ਭਗਵਾਂ ਪਾਰਟੀ ਦਾ ਸਮਰਥਨ ਘੱਟ ਗਿਣਤੀ ਭਾਈਚਾਰਿਆਂ ਦੀਆਂ ਚਿੰਤਾਵਾਂ ਅਤੇ ਇੱਛਾਵਾਂ ਦੀ ਅਣਦੇਖੀ ਕਰਨਾ ਹੈ ਅਤੇ ਭਾਰਤ ਦੀ ਵਿਭਿੰਨ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਪ੍ਰਤੀ ਸਮਝ ਅਤੇ ਹਮਦਰਦੀ ਦੀ ਘਾਟ ਨੂੰ ਦਰਸਾਉਂਦਾ ਹੈ।

ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਨੇ ਇੱਕਸਮਾਨ ਕੋਡ ਉੱਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਮੌਜੂਦਾ ਰੂਪ ਵਿੱਚ ਇਹ ਕੋਡ ਘੱਟ ਗਿਣਤੀ ਭਾਈਚਾਰਿਆਂ ਦੇ ਸਮਾਜਿਕ ਤਾਣੇ-ਬਾਣੇ ਅਤੇ ਪਰਿਵਾਰਕ ਢਾਂਚੇ ‘ਤੇ ਮਾੜਾ ਪ੍ਰਭਾਵ ਪਾਵੇਗਾ, ਉਨ੍ਹਾਂ ਦੀ ਸੱਭਿਆਚਾਰਕ ਅਤੇ ਧਾਰਮਿਕ ਪਛਾਣ ਅਤੇ ਸਵੈ-ਨਿਰਣੇ ਨੂੰ ਖਤਮ ਕਰੇਗਾ ਜੋ ਸਦੀਆਂ ਤੋਂ ਭਾਰਤੀ ਸਮਾਜ ਨੂੰ ਮਿਲਿਆ ਹੋਇਆ ਹੈ।

ਬੀਬਾ ਰਾਜੂ ਨੇ ਜ਼ੋਰ ਦੇ ਕੇ ਕਿਹਾ ਕਿ ਹਰ ਵਰਗਾਂ ਦੇ ਮੌਜੂਦਾ ਨਿੱਜੀ ਮਾਮਲਿਆਂ ਤੇ ਨਿਯਮਾਂ ਨੂੰ ਪ੍ਰਭਾਵਿਤ ਕਰਨ ਵਾਲੀ ਕੋਈ ਵੀ ਨੀਤੀ ਸਾਰੇ ਹਿੱਸੇਦਾਰਾਂ ਦੀ ਸਰਗਰਮ ਭਾਗੀਦਾਰੀ ਤੇ ਸਲਾਹ-ਮਸ਼ਵਰੇ ਨਾਲ ਹੀ ਤਿਆਰ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਾਸ਼ੀਏ ‘ਤੇ ਪਏ ਘੱਟ ਗਿਣਤੀ ਭਾਈਚਾਰਿਆਂ ਦੀ ਆਵਾਜ਼ ਸੁਣੀ ਜਾ ਸਕੇ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪਹੁੰਚਦੇ-ਪਹੁੰਚਦੇ ਮੌਨਸੂਨ ਹੋਈ ਸੁਸਤ: ਆਉਣ ਵਾਲੇ ਦਿਨਾਂ ਲਈ ਕੋਈ ਅਲਰਟ ਨਹੀਂ

ਵਿਜੀਲੈਂਸ ਵੱਲੋਂ ਜਾਇਦਾਦ ਦੇ ਇੰਤਕਾਲ ਬਦਲੇ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਗ੍ਰਿਫ਼ਤਾਰ