- ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਰਾਹੀਂ ਕੀਤੀ ਪੁਸ਼ਟੀ
ਚੰਡੀਗੜ੍ਹ, 13 ਸਤੰਬਰ 2024 – ਚੰਡੀਗੜ੍ਹ ਦੇ ਸੈਕਟਰ 10 ਸਥਿਤ ਘਰ ‘ਤੇ ਹੋਏ ਗ੍ਰਨੇਡ ਹਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਗ੍ਰਨੇਡ ਸੁੱਟਣ ਵਾਲੇ ਮੁਲਜ਼ਮ ਰੋਹਨ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮੁਲਜ਼ਮ ਅੰਮ੍ਰਿਤਸਰ ਦੇ ਪਿੰਡ ਪਾਸੀਆ ਦਾ ਰਹਿਣ ਵਾਲਾ ਹੈ। ਉਸ ਦੇ ਕਬਜ਼ੇ ਵਿੱਚੋਂ ਇੱਕ 9 ਐਮਐਮ ਦਾ ਗਲਾਕ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਮੁਲਜ਼ਮ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਦੀ ਹਿਰਾਸਤ ਵਿੱਚ ਹੈ। ਸ਼ੁਰੂਆਤੀ ਜਾਂਚ ‘ਚ ਰੋਹਨ ਨੇ ਗ੍ਰਨੇਡ ਹਮਲੇ ਦੀ ਗੱਲ ਕਬੂਲ ਕਰ ਲਈ ਹੈ। ਲੁਧਿਆਣਾ ਦੇ ਖੰਨਾ ਤੋਂ ਵੀ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਰ ’ਤੇ ਗ੍ਰਨੇਡ ਹਮਲੇ ਤੋਂ ਬਾਅਦ ਜਦੋਂ ਮੁਲਜ਼ਮ ਆਟੋ ਰਾਹੀਂ ਸੈਕਟਰ-18 ਪੁੱਜੇ ਤਾਂ ਉਥੇ ਲਾਲ ਬੱਤੀ ਸੀ। ਫਿਰ ਉਸ ਨੇ ਆਟੋ ਚਾਲਕ ਨੂੰ ਲਾਲ ਬੱਤੀ ਜੰਪ ਕਰਕੇ ਤੇਜ਼ ਗੱਡੀ ਚਲਾਉਣ ਲਈ ਕਿਹਾ। ਆਟੋ ਚਾਲਕ ਨੇ ਲਾਲ ਬੱਤੀ ਨੂੰ ਜੰਪ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਜਿਹੇ ‘ਚ ਮੁਲਜ਼ਮ ਨੇ ਉਸ ਨੂੰ 500 ਰੁਪਏ ਦਾ ਨੋਟ ਦਿੱਤਾ ਅਤੇ ਸੈਕਟਰ-18 ਦੇ ਰਿਹਾਇਸ਼ੀ ਇਲਾਕੇ ਵੱਲ ਭੱਜ ਗਏ।
ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਦੋ ਦਿਨ ਪਹਿਲਾਂ ਉਸੇ ਆਟੋ ਵਿੱਚ ਬੰਗਲੇ ਦੀ ਰੇਕੀ ਕੀਤੀ ਸੀ, ਜਿਸ ਵਿੱਚ ਉਹ ਹਮਲਾ ਕਰਨ ਆਏ ਸਨ। ਪੁਲਿਸ ਨੇ ਉਸ ਇਲਾਕੇ ਦੀ ਸੀਸੀਟੀਵੀ ਰਿਕਾਰਡਿੰਗ ਵੀ ਜ਼ਬਤ ਕਰ ਲਈ ਹੈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਅਸਲਾ ਅਤੇ ਯੂਏਪੀਏ ਸਮੇਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਚੰਡੀਗੜ੍ਹ ਪੁਲੀਸ, ਪੰਜਾਬ ਪੁਲੀਸ, ਦਿੱਲੀ ਪੁਲੀਸ, ਐਨਆਈਏ ਸਮੇਤ ਕਈ ਏਜੰਸੀਆਂ ਦੀਆਂ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ।