ਚੰਡੀਗੜ੍ਹ, 13 ਅਕਤੂਬਰ 2022 – ਮੋਹਾਲੀ ‘ਚ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਹਮਲੇ ਅਤੇ ਬੰਬ ਧਮਾਕੇ ਦੇ ਮਾਮਲੇ ‘ਚ ਪੰਜਾਬ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਅਤੇ ਏਟੀਐਸ ਮਹਾਰਾਸ਼ਟਰ ਦੇ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦੇ ਮੁੱਖ ਦੋਸ਼ੀ ਚੜ੍ਹਤ ਸਿੰਘ ਨੂੰ ਅੱਜ ਸਵੇਰੇ ਮੁੰਬਈ ਤੋਂ ਗ੍ਰਿਫਤਾਰ ਕਰ ਲਿਆ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚੜ੍ਹਤ ਸਿੰਘ ਇਸ ਮਾਮਲੇ ਵਿੱਚ ਸ਼ਾਮਿਲ ਹੈ। ਉਹ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਕਰੀਬੀ ਸਾਥੀ ਹੈ। ਡੀਜੀਪੀ ਨੇ ਕਿਹਾ ਕਿ ਅਸੀਂ ਸੂਬੇ ਨੂੰ ਅਪਰਾਧ ਮੁਕਤ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਕਲਪ ਅਨੁਸਾਰ ਕੰਮ ਕਰ ਰਹੇ ਹਾਂ।
https://twitter.com/DGPPunjabPolice/status/1580430768425545728

ਦੱਸ ਦਈਏ ਕਿ 9 ਮਈ ਨੂੰ ਸ਼ਾਮ 7.15 ਵਜੇ ਦੇ ਕਰੀਬ ਮੋਹਾਲੀ ‘ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲਾ ਅਤੇ ਧਮਾਕਾ ਹੋਇਆ ਸੀ। ਇਸ ਨਾਲ ਹੜਕੰਪ ਮੱਚ ਗਿਆ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਖ਼ਲ ਕਰ ਦਿੱਤੀ ਹੈ।
ਇਸ ਮਾਮਲੇ ਵਿੱਚ ਪੁਲੀਸ ਨੇ ਨਿਸ਼ਾਨ ਸਿੰਘ, ਬਰਜਿੰਦਰ ਸਿੰਘ ਰੈਂਬੋ, ਕੰਵਰਜੀਤ ਸਿੰਘ ਉਰਫ਼ ਕੰਵਰ ਬਾਠ, ਅਨੰਤਦੀਪ ਸਿੰਘ ਸੋਨੀ, ਲਵਪ੍ਰੀਤ ਸਿੰਘ ਵਿੱਕੀ, ਜਗਦੀਪ ਸਿੰਘ ਜੱਗੀ ਅਤੇ ਬਲਜੀਤ ਕੌਰ ਖ਼ਿਲਾਫ਼ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਅਵਤਾਰ ਸਿੰਘ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। 272 ਪੰਨਿਆਂ ਦੀ ਚਾਰਜਸ਼ੀਟ ਵਿੱਚ 45 ਦੇ ਕਰੀਬ ਗਵਾਹ ਬਣਾਏ ਗਏ ਹਨ। ਇਹ ਫੋਰੈਂਸਿਕ ਲੈਬ ਦੀ ਰਿਪੋਰਟ ‘ਤੇ ਵੀ ਆਧਾਰਿਤ ਹੈ, ਜਿਸ ‘ਚ ਖੁਲਾਸਾ ਹੋਇਆ ਸੀ ਕਿ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ਤੋਂ ਮਿਲੇ ਰਾਕੇਟ ਲਾਂਚਰ ਦੇ ਹਿੱਸੇ ਹਨ।
ਇਸ ਕੇਸ ਵਿੱਚ ਚੜ੍ਹਤ ਸਿੰਘ, ਗੁਰਪਿੰਦਰ ਸਿੰਘ ਪਿੰਦਾ, ਲਖਬੀਰ ਸਿੰਘ ਲੰਡਾ, ਹਰਿੰਦਰ ਸਿੰਘ ਰਿੰਦਾ ਅਤੇ ਦੀਪਕ ਨੂੰ ਵੀ ਇੱਕ ਨਾਬਾਲਗ ਸਮੇਤ ਨਾਮਜ਼ਦ ਕੀਤਾ ਗਿਆ ਹੈ। ਨਾਬਾਲਗ ਮੁਲਜ਼ਮਾਂ ਨੂੰ ਛੱਡ ਕੇ ਬਾਕੀ ਸਾਰੇ ਫਰਾਰ ਹਨ। ਪੁਲਿਸ ਨੇ ਹਮਲੇ ਤੋਂ ਪਹਿਲਾਂ ਛਾਪੇਮਾਰੀ ਕਰਨ ਵਾਲੇ ਮੋਹਾਲੀ ਦੇ ਰਹਿਣ ਵਾਲੇ ਜਗਦੀਪ ਸਿੰਘ ਕੰਗ ਨੂੰ ਵਾਰਦਾਤ ਵਾਲੀ ਥਾਂ ‘ਤੇ ਪਹੁੰਚਾਇਆ ਸੀ। ਉਸਨੂੰ ਹਰ ਇੱਕ ਵਸਤੂ ਅਤੇ ਰਸਤੇ ਦੀ ਪਛਾਣ ਕਰਨ ਲਈ ਕਿਹਾ ਗਿਆ ਜੋ ਉਸਨੇ ਚੜ੍ਹਤ ਸਿੰਘ ਨਾਲ ਸਾਂਝਾ ਕੀਤਾ ਸੀ।
