- ਫਿਰੋਜ਼ਪੁਰ ‘ਚ ਪਾਕਿਸਤਾਨ ਸਰਹੱਦ ਨੇੜੇ 20 ਮਿੰਟ ਰੁਕਿਆ ਸੀ PM ਦਾ ਕਾਫਲਾ
ਫਿਰੋਜ਼ਪੁਰ, 25 ਨਵੰਬਰ 2023 – ਪੰਜਾਬ ਵਿੱਚ, ਤਤਕਾਲੀ ਐਸਪੀ (ਆਪ੍ਰੇਸ਼ਨਜ਼) ਗੁਰਬਿੰਦਰ ਸਿੰਘ ਨੂੰ ਜਨਵਰੀ 2022 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕਮੀ ਦੇ ਸਬੰਧ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇੱਕ ਰਿਪੋਰਟ ਪੰਜਾਬ ਦੇ ਡੀਜੀਪੀ ਵੱਲੋਂ 18 ਅਕਤੂਬਰ 2023 ਨੂੰ ਦਿੱਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਐਸਪੀ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ।
ਪ੍ਰਧਾਨ ਮੰਤਰੀ ਮੋਦੀ 5 ਜਨਵਰੀ 2022 ਨੂੰ ਬਠਿੰਡਾ ਤੋਂ ਫ਼ਿਰੋਜ਼ਪੁਰ ਸੜਕ ਰਾਹੀਂ ਜਾ ਰਹੇ ਸਨ, ਪਰ ਕਿਸਾਨਾਂ ਨੇ PM ਦਾ ਕਾਫਲਾ ਰਸਤੇ ‘ਚ ਹੀ ਰੋਕ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਕਾਫਲਾ ਫ਼ਿਰੋਜ਼ਪੁਰ ਦੇ ਪਿਆਰੇਆਣਾ ਫਲਾਈਓਵਰ ‘ਤੇ 20 ਮਿੰਟ ਲਈ ਰੁਕਿਆ। ਜਿੱਥੋਂ ਉਨ੍ਹਾਂ ਦੇ ਕਾਫਲੇ ਨੇ ਯੂ-ਟਰਨ ਲੈ ਕੇ ਵਾਪਸ ਪਰਤਣਾ ਸੀ।
ਬਠਿੰਡਾ ਦੇ ਭਿਸੀਆਣਾ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਸੀ – “ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ, ਮੈਂ ਜ਼ਿੰਦਾ ਵਾਪਸ ਆ ਗਿਆ ਹਾਂ।” ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਵਧ ਗਿਆ। ਇਹ ਫਲਾਈਓਵਰ ਭਾਰਤ-ਪਾਕਿਸਤਾਨ ਦੀ ਹੁਸੈਨੀਵਾਲਾ ਸਰਹੱਦ ਤੋਂ ਥੋੜ੍ਹੀ ਦੂਰੀ ‘ਤੇ ਸਥਿਤ ਸੀ।

ਗੁਰਬਿੰਦਰ ਸਿੰਘ ਇਸ ਸਮੇਂ ਬਠਿੰਡਾ ਵਿੱਚ ਐਸਪੀ ਵਜੋਂ ਤਾਇਨਾਤ ਸਨ। ਉਨ੍ਹਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਮੁਅੱਤਲੀ ਸਮੇਂ ਦੌਰਾਨ ਉਨ੍ਹਾਂ ਦਾ ਮੁੱਖ ਦਫ਼ਤਰ ਡੀਜੀਪੀ ਦਫ਼ਤਰ ਚੰਡੀਗੜ੍ਹ ਹੋਵੇਗਾ। ਉਹ ਆਗਿਆ ਲਏ ਬਿਨਾਂ ਆਪਣਾ ਹੈੱਡਕੁਆਰਟਰ ਨਹੀਂ ਛੱਡ ਸਕਣਗੇ। ਉਨ੍ਹਾਂ ਨੂੰ ਬਠਿੰਡਾ ਤੋਂ ਰਿਲੀਵ ਹੋਣ ਤੋਂ ਬਾਅਦ ਤੁਰੰਤ ਡੀਜੀਪੀ ਦਫ਼ਤਰ ਆਉਣ ਲਈ ਕਿਹਾ ਗਿਆ ਹੈ।
ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਲਾਪਰਵਾਹੀ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਗਠਿਤ ਜਾਂਚ ਕਮੇਟੀ ਦੀ ਰਿਪੋਰਟ ਵਿੱਚ ਤਤਕਾਲੀ ਮੁੱਖ ਸਕੱਤਰ ਅਨਿਰੁਧ ਤਿਵਾੜੀ ਅਤੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੂੰ ਵੀ ਮੁਲਜ਼ਮ ਨਾਮਜ਼ਦ ਕੀਤਾ ਗਿਆ ਸੀ। ਕਮੇਟੀ ਨੇ ਇਹ ਰਿਪੋਰਟ 8 ਮਹੀਨੇ ਪਹਿਲਾਂ ਅਗਸਤ 2022 ਵਿੱਚ ਸੁਪਰੀਮ ਕੋਰਟ ਅਤੇ ਸਰਕਾਰ ਨੂੰ ਸੌਂਪੀ ਸੀ। ਇਸ ਰਿਪੋਰਟ ਦੇ ਆਧਾਰ ‘ਤੇ ਕੇਂਦਰ ਨੇ ਸਤੰਬਰ 2022 ‘ਚ ਪੰਜਾਬ ਸਰਕਾਰ ਨੂੰ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਪੱਤਰ ਲਿਖਿਆ ਸੀ। 6 ਮਹੀਨੇ ਬੀਤ ਜਾਣ ਦੇ ਬਾਵਜੂਦ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ।
ਇਸ ਤੋਂ ਪਹਿਲਾਂ ਇਸ ਸਾਰੀ ਘਟਨਾ ਲਈ ਐਸਐਸਪੀ ਹਰਮਨਦੀਪ ਹੰਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਬਣੀ ਕਮੇਟੀ ਦੀ ਰਿਪੋਰਟ ਵਿੱਚ ਤਤਕਾਲੀ ਮੁੱਖ ਸਕੱਤਰ ਤੇ ਡੀਜੀਪੀ ਦੀ ਲਾਪਰਵਾਹੀ ਸਾਹਮਣੇ ਆਈ ਹੈ। ਇਹ ਵੀ ਕਿਹਾ ਗਿਆ ਕਿ ਅਧਿਕਾਰੀਆਂ ਕੋਲ ਜੋ ਵੀ ਜ਼ਿੰਮੇਵਾਰੀਆਂ ਸਨ, ਉਹ ਉਨ੍ਹਾਂ ਨੂੰ ਸਹੀ ਢੰਗ ਨਾਲ ਨਹੀਂ ਨਿਭਾਅ ਸਕੇ। ਆਈਜੀ (ਐਸਪੀਜੀ) ਆਰਆਰ ਭਗਤ ਨੇ ਸਮੇਂ ਸਿਰ ਪੁਲੀਸ ਅਧਿਕਾਰੀਆਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਸੀ ਪਰ ਇਸ ਦੇ ਬਾਵਜੂਦ ਸਮੇਂ ਸਿਰ ਕੋਈ ਕਾਰਵਾਈ ਨਹੀਂ ਕੀਤੀ ਗਈ।
