ਚੰਡੀਗੜ੍ਹ, 28 ਅਪ੍ਰੈਲ 2023 – ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਨੰਬਰ 4 ‘ਚ ਪੋਸਟ ਗ੍ਰੈਜੂਏਟ ਪ੍ਰੋਫੈਸ਼ਨਲ ਕੋਰਸ ਦੀ ਵਿਦਿਆਰਥਣ ਦੇ ਕਮਰੇ ‘ਚ ਬੁੱਧਵਾਰ ਤੜਕੇ 3.30 ਵਜੇ ਦੇ ਕਰੀਬ ਇਕ ਨੌਜਵਾਨ ਦਾਖਲ ਹੋਇਆ ਅਤੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਸੁੱਤੀ ਪਈ ਲੜਕੀ ਨੂੰ ਜਦ ਉਸ ਦੇ ਚਿਹਰੇ ‘ਤੇ ਕੁੱਝ ਮਹਿਸੂਸ ਹੋਇਆ ਤਾਂ ਲੜਕੀ ਉੱਠੀ ਅਤੇ ਉਸ ਨੇ ਨੌਜਵਾਨ ਨੂੰ ਦੇਖ ਕੇ ਰੌਲਾ ਪਾਇਆ, ਫਿਰ ਉਹ ਰੈਂਪ ਦੇ ਰਸਤੇ ਭੱਜ ਗਿਆ। ਘਟਨਾ ਹੋਸਟਲ ਦੀ ਤੀਜੀ ਮੰਜ਼ਿਲ ‘ਤੇ ਵਾਪਰੀ। ਜਿਸ ਤੋਂ ਬਾਅਦ ਲੜਕੀ ਨੇ ਆਪਣੇ ਦੋਸਤਾਂ ਨਾਲ ਸੰਪਰਕ ਕੀਤਾ ਅਤੇ ਤੁਰੰਤ ਹੋਸਟਲ ਰਿਸੈਪਸ਼ਨ ‘ਤੇ ਸੂਚਨਾ ਦਿੱਤੀ।
ਜਦੋਂ ਘਟਨਾ ਦੇ ਦੂਜੇ ਦਿਨ ਵੀ ਕੋਈ ਕਾਰਵਾਈ ਨਾ ਹੋਈ ਤਾਂ ਲੜਕੀ ਨੇ ਪੁਲੀਸ ਨਾਲ ਸੰਪਰਕ ਕਰਨ ਦੀ ਗੱਲ ਆਖੀ। ਇਸ ਤੋਂ ਬਾਅਦ ਸੀਸੀਟੀਵੀ ਫੁਟੇਜ ਦਿਖਾਈ ਗਈ ਜਿਸ ਮੁਤਾਬਕ ਨੌਜਵਾਨ ਕਰੀਬ 30 ਮਿੰਟ ਤੱਕ ਹੋਸਟਲ ਦੇ ਅੰਦਰ ਹੀ ਰਿਹਾ। ਉਸ ਦੇ ਗਲੇ ਵਿਚ ਕੱਪੜਾ ਅਤੇ ਬੈਗ ਵੀ ਸੀ। ਫੁਟੇਜ ‘ਚ ਨੌਜਵਾਨ ਦੇ ਇਸ਼ਾਰਿਆਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਨਸ਼ੇ ‘ਚ ਸੀ। ਘਟਨਾ ਦੀ ਜਾਣਕਾਰੀ DSW ਪ੍ਰੋ. ਜਤਿੰਦਰ ਗਰੋਵਰ ਅਤੇ ਡੀਐਸਡਬਲਯੂ ਵੂਮੈਨ ਪ੍ਰੋ. ਸਿਮਰਤ ਕਾਹਲੋਂ ਨੂੰ ਵੀਰਵਾਰ ਦੁਪਹਿਰ ਦਿੱਤੀ ਗਈ।
ਇਸ ਵਿਦਿਆਰਥਣ ਦੀ ਰੂਮਮੇਟ ਉਸ ਦਿਨ ਕਿਸੇ ਕਾਰਨ ਬਾਹਰ ਗਈ ਹੋਈ ਸੀ। ਵਿਦਿਆਰਥਣ ਪੜ੍ਹਦੇ ਸਮੇਂ ਸੌਂ ਗਈ ਸੀ, ਪਰ ਲਾਈਟ ਜਗ ਰਹੀ ਸੀ ਅਤੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਇਸ ਦੌਰਾਨ ਤੜਕੇ ਕਰੀਬ ਸਾਢੇ ਤਿੰਨ ਵਜੇ ਉਸ ਨੂੰ ਆਪਣੇ ਚਿਹਰੇ ‘ਤੇ ਹੱਥ ਮਹਿਸੂਸ ਹੋਇਆ ਤਾਂ ਦੇਖਿਆ ਕਿ ਇੱਕ ਨੌਜਵਾਨ ਉਸ ਦੇ ਚਿਹਰੇ ‘ਤੇ ਹੱਥ ਫੇਰ ਰਿਹਾ ਸੀ ਅਤੇ ਹਿੰਦੀ ਵਿੱਚ ਗੱਲ ਕਰ ਰਿਹਾ ਸੀ। ਇਸ ਤੋਂ ਬਾਅਦ ਲੜਕੀ ਨੇ ਉੱਚੀ-ਉੱਚੀ ਚੀਕਾਂ ਮਾਰੀਆਂ।
ਵਿਦਿਆਰਥੀ ਨੇ ਅਟੇਂਡੈਂਟ ਨੂੰ ਦੱਸਿਆ, ਜਿੱਥੋਂ ਅਸਿਸਟੈਂਟ ਨੂੰ ਹੋਰ ਜਾਣਕਾਰੀ ਦਿੱਤੀ ਗਈ। ਵਾਰਡਨ ਕੋਲ ਗੱਲ ਪਹੁੰਚੀ ਕਿ ਇੱਕ ਲੜਕਾ ਆਇਆ ਹੈ, ਉਹਨਾਂ ਨੇ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਦੱਸਿਆ ਜਾਂਦਾ ਹੈ ਕਿ ਵਾਰਡਨ ਤਮੰਨਾ ਸਹਿਰਾਵਤ ਨੇ ਸੁਰੱਖਿਆ ਕਰਮਚਾਰੀਆਂ ਨੂੰ ਸੀਸੀਟੀਵੀ ਫੁਟੇਜ ਦਿਖਾਉਣ ਲਈ ਕਿਹਾ, ਪਰ ਸੁਰੱਖਿਆ ਦਫ਼ਤਰ ਨੇ ਇਸ ਵਿੱਚ ਅਣਗਹਿਲੀ ਵਾਲਾ ਰਵੱਈਆ ਅਪਣਾਇਆ। ਹੋਸਟਲ ਦੀ ਇੱਕ ਵਿਦਿਆਰਥਣ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇਖਣ ਲਈ ਵਿਦਿਆਰਥੀਆਂ ਤੋਂ ਅਰਜ਼ੀਆਂ ਵੀ ਮੰਗੀਆਂ ਗਈਆਂ ਸਨ। ਵਿਦਿਆਰਥੀ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ਦੋਵਾਂ ਨੂੰ ਆਪਣੇ ਬਿਆਨ ਦਰਜ ਕਰਵਾਏ ਹਨ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਰਾਤ 2:30 ਵਜੇ ਤੋਂ ਬਾਅਦ ਸੁਰੱਖਿਆ ਗਾਰਡ ਅਤੇ ਸਟਾਫ ਮੌਜੂਦ ਨਹੀਂ ਸੀ। ਮੇਨ ਗੇਟ ਤੋਂ ਇਲਾਵਾ ਅੰਦਰ ਸੁਰੱਖਿਆ ਗਾਰਡ ਵੀ ਹੈ ਪਰ ਨੌਜਵਾਨ ਦੋ ਵਾਰ ਅੰਦਰ ਆਇਆ ਅਤੇ ਚਲਾ ਗਿਆ ਪਰ ਕਿਸੇ ਨੇ ਉਸ ਨੂੰ ਦੇਖਿਆ ਨਹੀਂ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਯੂਨੀਵਰਸਿਟੀ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਉੱਚ ਪੱਧਰੀ ਸੂਤਰਾਂ ਅਨੁਸਾਰ ਤਿੰਨ ਸੁਰੱਖਿਆ ਗਾਰਡਾਂ ਅਤੇ ਇੱਕ ਅਟੇਂਡੈਂਟ ਨੂੰ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਡੀਐਸਡਬਲਯੂ ਵੱਲੋਂ ਤਿਆਰ ਕੀਤੀ ਰਿਪੋਰਟ ਵਿੱਚ ਸਹਾਇਕ ਦੇ ਤਬਾਦਲੇ ਅਤੇ ਸਹਾਇਕ ਵਾਰਡਨ ਦੀ ਜਾਂਚ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।
ਨਾਨ-ਟੀਚਿੰਗ ਸਟਾਫ਼ ਨੇ ਹੋਸਟਲ ਵਾਰਡਨ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਹ ਬਿਨਾਂ ਵਜ੍ਹਾ ਲੋਕਾਂ ‘ਤੇ ਦਬਾਅ ਪਾਉਂਦੀ ਹੈ, ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੀ ਹੈ। ਵਾਰਡਨ ਨੇ ਮੁਲਾਜ਼ਮਾਂ ਖ਼ਿਲਾਫ਼ ਸ਼ਿਕਾਇਤ ਵੀ ਦਿੱਤੀ ਹੈ ਕਿ ਉਨ੍ਹਾਂ ਨੂੰ ਬਦਲਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੇ ਹਨ।
ਸਿਮਰਤ ਕਾਹਲੋਂ, ਡੀ.ਐਸ.ਡਬਲਿਊ ਵੂਮੈਨ ਪ੍ਰੋ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਲਈ ਜਿੰਮੇਵਾਰੀ ਜ਼ਰੂਰ ਤੈਅ ਕੀਤੀ ਜਾਵੇਗੀ ਅਤੇ ਕਾਰਵਾਈ ਵੀ ਕੀਤੀ ਜਾਵੇਗੀ।
ਉਥੇ ਹੀ ਪ੍ਰੋ. ਰੇਣੂ ਵਿਗ, ਵੀ.ਸੀ ਨੇ ਕਿਹਾ ਕਿ ਡੀਐਸਡਬਲਿਊ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
ਪ੍ਰੋ. ਜਤਿੰਦਰ ਗਰੋਵਰ, ਡੀ.ਐਸ.ਡਬਲਯੂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਪਹਿਲੀ ਤਰਜੀਹ ਹੈ। ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਐਫਆਈਆਰ ਦਰਜ ਕਰਨ ਲਈ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ।