ਰੂਪਨਗਰ, 14 ਜੁਲਾਈ 2024: ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ ਖੁਰਾਣਾ, ਆਈ.ਪੀ.ਐਸ. ਨੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਕਿ ਨੂਰਪੁਰਬੇਦੀ ਵਿਖੇ ਔਰਤ ਨੂੰ ਸ਼ਕਤੀਆਂ ਰਾਹੀਂ ਗਹਿਣੇ ਦੁੱਗਣੇ ਕਰਨ ਦੇ ਝੂਠੇ ਝਾਂਸੇ ਵਿਚ ਫਸਾ ਕੇ ਲੁੱਟਣ ਵਾਲੇ ਨਕਲੀ ਸਾਧ ਰੂਪੀ ਵਿਅਕਤੀ ਗ੍ਰਿਫ਼ਤਾਰ ਕੀਤਾ।
ਇਸ ਸਬੰਧ ਉਨ੍ਹਾਂ ਦੱਸਿਆ ਕਿ ਮਿਤੀ 03 ਜੁਲਾਈ 2024 ਨੂੰ ਬਲਵੀਰ ਸਿੰਘ ਅਤੇ ਉਸਦੀ ਘਰਵਾਲੀ ਬਿਮਲਾ ਦੇਵੀ ਵਾਸੀ ਪਿੰਡ ਸਮੀਰੋਵਾਲ, ਥਾਣਾ ਨੂਰਪੁਰਬੇਦੀ ਆਪਣੇ ਘਰ ਤੋਂ ਆਪਣੀ ਸਕੂਟਰੀ ਉਤੇ ਸਵਾਰ ਹੋ ਕੇ ਘਰੇਲੂ ਸਮਾਨ ਲੈਣ ਲਈ ਨੂਰਪੁਰਬੇਦੀ ਗਏ ਸੀ, ਜਿੱਥੇ ਉਹਨਾਂ ਨੂੰ ਇੱਕ ਸਾਧੂ-ਨੁਮਾ ਵਿਅਕਤੀ ਨੇ ਸ਼ਿਵ ਮੰਦਰ ਬਾਰੇ ਪੁੱਛਿਆ ਅਤੇ ਚਲਾ ਗਿਆ। ਫਿਰ ਬਜ਼ਾਰ ਵਿੱਚ ਉਹਨਾਂ ਨੂੰ ਇੱਕ ਮਰਦ ਅਤੇ ਇੱਕ ਔਰਤ ਮੋਟਰ-ਸਾਈਕਲ ਤੇ ਮਿਲੇ, ਜਿਹਨਾਂ ਨੇ ਉਸ ਸਾਧ-ਨੁਮਾ ਵਿਅਕਤੀ ਨੂੰ ਬਹੁਤ ਸ਼ਕਤੀਵਾਲਾ ਬਾਬਾ ਦੱਸਿਆ ਅਤੇ ਕਿਹਾ ਕਿ ਇਹ ਘਰ ਵਿੱਚ ਬਰਕਤਾਂ ਪਾ ਦਿੰਦਾ ਹੈ।
ਇੰਨੇ ਸਮੇਂ ਵਿੱਚ ਹੀ ਉਹ ਸਾਧੂ ਵੀ ਉੱਥੇ ਆ ਗਿਆ ਤਾਂ ਮੋਟਰਸਾਈਕਲ ਸਵਾਰ ਮਰਦ ਦੇ ਨਾਲ ਵਾਲੀ ਔਰਤ ਨੇ ਆਪਣੇ ਗਹਿਣੇ ਉਤਾਰ ਕੇ ਬਾਬੇ ਨੂੰ ਦੇ ਦਿੱਤੇ ਅਤੇ ਕਿਹਾ ਕਿ ਇਹ ਦੁੱਗਣੇ ਕਰ ਦੇਣਗੇ, ਤਾਂ ਬਲਵੀਰ ਸਿੰਘ ਦੀ ਘਰਵਾਲੀ ਬਿਮਲਾ ਦੇਵੀ ਨੇ ਵੀ ਆਪਣੀਆਂ ਪਹਿਨੀਆਂ ਹੋਈਆਂ 02 ਸੋਨੇ ਦੀਆਂ ਚੂੜੀਆਂ, ਕੰਨਾਂ ਦੀਆਂ ਵਾਲੀਆਂ ਵਜ਼ਨ 02 ਤੋਲੇ ਲਾਹ ਕੇ ਅਖਬਾਰ ਵਿੱਚ ਲਪੇਟ ਕੇ ਬਾਬੇ ਨੂੰ ਫੜਾ ਦਿੱਤੀਆਂ ਤਾਂ ਬਾਬੇ ਨੇ ਇੱਕ ਰੁਮਾਲ ਵਿੱਚ ਕੁੱਝ ਲਪੇਟਿਆ ਹੋਇਆ ਸਮਾਨ ਬਿਮਲਾ ਦੇਵੀ ਨੂੰ ਦਿੱਤਾ ਅਤੇ ਕਿਹਾ ਕਿ ਇਸ ਨੂੰ ਘਰ ਜਾ ਕੇ ਖੋਲ ਲੈਣਾ, ਇਸ ਵਿੱਚੋਂ ਤੁਹਾਨੂੰ ਦੁੱਗਣੇ ਗਹਿਣੇ ਮਿਲਣਗੇ।
ਜਦੋਂ ਬਿਮਲਾ ਦੇਵੀ ਨੇ ਘਰ ਜਾ ਕੇ ਰੁਮਾਲ ਖੋਲ ਕੇ ਦੇਖਿਆ ਤਾਂ ਉਸ ਵਿੱਚ ਕੁੱਝ ਕਾਗਜ਼ ਦੇ ਟੁਕੜੇ ਸਨ। ਇਸ ਸਬੰਧੀ ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 52 ਮਿਤੀ 05.07.2024 ਅ/ਧ 318(4),3(5) ਬੀ ਐਨ ਐਸ ਥਾਣਾ ਨੂਰਪੁਰਬੇਦੀ ਬਰਖਿਲਾਫ ਨਾ-ਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ।
ਐੱਸ ਐੱਸ ਪੀ ਨੇ ਦੱਸਿਆ ਕਿ ਇਸ ਮੁਕੱਦਮਾ ਦੀ ਤਫਤੀਸ਼ ਲਈ ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ ਰੂਪਨਗਰ ਅਤੇ ਉਪ ਕਪਤਾਨ ਪੁਲਿਸ, ਸ਼੍ਰੀ ਅਨੰਦਪੁਰ ਸਾਹਿਬ ਦੀ ਨਿਗਰਾਨੀ ਹੇਠ ਸੀ.ਆਈ.ਏ. ਰੂਪਨਗਰ ਅਤੇ ਥਾਣਾ ਨੂਰਪੁਰਬੇਦੀ ਦੀਆਂ ਸਾਂਝੀਆ ਟੀਮਾਂ ਬਣਾਈਆਂ ਗਈਆਂ ਸਨ। ਜਿਸ ਤਹਿਤ ਮੁਖਬਰੀ ਦੇ ਅਧਾਰ ਤੇ ਕੱਲ੍ਹ ਮਿਤੀ 13.07.2024 ਨੂੰ ਨਾਕਾਬੰਦੀ ਦੌਰਾਨ ਇੱਕ ਸਾਧੂ-ਨੁਮਾ ਵਿਅਕਤੀ ਨੂੰ ਥਾਣਾ ਨੂਰਪੁਰਬੇਦੀ ਦੇ ਪਿੰਡ ਸੰਗਤਪੁਰਾ ਵਿਖੇ ਰੋਕ ਕੇ ਪੁੱਛ-ਗਿੱਛ ਕੀਤੀ ਗਈ, ਜਿਸ ਦੀ ਪਛਾਣ ਗੁਲਾਮਾ ਪੁੱਤਰ ਖੋਖਾ, ਵਾਸੀ ਝੁੰਗੀਆਂ, ਨੇੜੇ ਜੰਡ ਪੀਰ, ਮੁਰਾਦਪੁਰਾ ਮੁਹੱਲਾ ਤਰਨਤਾਰਨ ਵਜੋਂ ਹੋਈ।
ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਇਸਨੇ ਇਸ ਉਕਤ ਵਾਰਦਾਤ ਨੂੰ ਅੰਜਾਮ ਦੇਣਾ ਮੰਨਿਆ ਹੈ। ਜਿਸ ਨੂੰ ਇਸ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਜੋ ਇਹ ਭੋਲੇ-ਭਾਲੇ ਲੋਕਾਂ ਨੂੰ ਗਹਿਣੇ ਡਬਲ ਕਰਨ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ। ਜਿਸ ਨੂੰ ਅੱਜ ਮਿਤੀ 14.07.2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਸ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 186 ਮਿਤੀ 14.09.2023 ਅ/ਧ 379-ਬੀ/34 ਹਿੰ:ਦੰ: ਥਾਣਾ ਸਦਰ ਲੁਧਿਆਣਾ ਵਿਖੇ ਦਰਜ ਰਜਿਸਟਰ ਹੋਣ ਬਾਰੇ ਪਤਾ ਲੱਗਾ ਹੈ। ਇਸ ਦੇ 05 ਹੋਰ ਸਾਥੀ ਸੇਖਰ, ਦੋਧੀ, ਕੋਮਲ, ਰਣਾ ਅਤੇ ਮਾਲੂ ਵਾਸੀਆਨ ਪਿੰਡ ਮੁਰਾਦਪੁਰ ਤਰਨਤਾਰਨ ਵੀ ਇਸ ਵਾਰਦਾਤ ਵਿੱਚ ਸ਼ਾਮਲ ਸਨ, ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁੱਛ-ਗਿੱਛ ਦੌਰਾਨ ਇਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਆਸ ਹੈ।