ਬਠਿੰਡਾ, 26 ਦਸੰਬਰ 2024: ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਨਜ਼ਦੀਕੀ ਪਿੰਡ ਜੋਧਪੁਰ ਰਮਾਣਾ ਵਿਖੇ ਜਸਕਰਨ ਸਿੰਘ ਨਾਂਅ ਦੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ, ਜਿਸਦੇ ਉਪਰ ਦੋਸ਼ ਹਨ ਕਿ ਉਸਨੇ ਆਪਣੇ ਗੁਆਂਢ ਵਿਚ ਕਿਰਾਏ ‘ਤੇ ਰਹਿਣ ਵਾਲੀ ਇੱਕ ਨਰਸ ਦੀ ਨਹਾਉਂਦੇ ਸਮੇਂ ਵੀਡੀਓ ਬਣਾਈ ਹੈ। ਪੁਲਿਸ ਨੇ ਉਹ ਮੋਬਾਇਲ ਫ਼ੋਨ ਵੀ ਬਰਾਮਦ ਕਰ ਲਿਆ ਹੈ, ਜਿਸਦੇ ਵਿਚ ਇਹ ਵੀਡੀਓ ਬਣਾਈ ਗਈ ਹੈ। ਪਤਾ ਲੱਗਿਆ ਹੈ ਕਿ ਪੀੜਤ ਨਰਸ ਏਮਜ਼ ਹਸਪਤਾਲ ਵਿਚ ਤਾਇਨਾਤ ਹੈ। ਉਹ ਪਿੰਡ ਜੋਧਪੁਰ ਰੋਮਾਣਾ ‘ਚ ਇੱਕ ਘਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੈ। ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਨਰਸ ਦੀ ਸ਼ਕਾਇਤ ਦੇ ਅਧਾਰ ਤੇ ਦੋਸ਼ੀ ਖਿਲਾਫ ਕੇਸ ਦਰਜ ਕਰਕੇ,ਉਸ ਨੂੰ ਗ੍ਰਿਫਤਾਰ ਕਰਕੇ, ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਦਿੱਤਾ ਹੈ।
ਨਰਸ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ,ਬਠਿੰਡਾ ਦੇ ਇੱਕ ਹਸਪਤਾਲ ਵਿੱਚ ਡਿਊਟੀ ਕਰਦੀ ਹੈ, ਤੇ ਥਾਣਾ ਸਦਰ ਬਠਿੰਡਾ ਅਧੀਨ ਪੈਂਦੇ ਇੱਕ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਉਸ ਦੇ ਗੁਆਂਢ ਵਿੱਚ ਰਹਿੰਦਾ ਲੜਕਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ, ਉਸ ਨੂੰ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ। 21 ਦਸੰਬਰ 2024 ਨੂੰ ਉਹ ਆਪਣੇ ਬਾਥਰੂਮ ਵਿੱਚ ਨਹਾ ਰਹੀ ਸੀ ਤਾਂ ਉਦੋਂ ਖਿੜਕੀ ਦੇ ਕੋਲ ਇੱਕ ਮੋਬਾਇਲ ਫੋਨ ਪਿਆ ਸੀ, ਜਿਸ ਨੂੰ ਦੇਖਦਿਆਂ ਉਸ ਨੇ ਬਾਥਰੂਮ ਦੀ ਲਾਈਟ ਬੰਦ ਕਰ ਦਿੱਤੀ ਅਤੇ ਕੱਪੜੇ ਪਾ ਕੇ ਘਰੋਂ ਬਾਹਰ ਜਾ ਕੇ ਦੇਖਿਆ ਤਾਂ ਦੋਸ਼ੀ ਜਸਕਰਨ ਸਿੰਘ, ਉੱਥੇ ਖੜਾ ਦਿਖਾਈ ਦਿੱਤਾ, ਜਿਸ ਦਾ ਇਹ ਮੋਬਾਇਲ ਸੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਇੰਸ: ਜਗਦੀਪ ਸਿੰਘ ਨੇ ਦੱਸਿਆ ਕਿ ਮੁਲਜਮ ਨੂੰ ਗ੍ਰਿਫਤਾਰ ਕਰਨ ਉਪਰੰਤ ਮੋਬਾਇਲ ਬਰਾਮਦ ਕਰ ਲਿਆ ਹੈ ਜਿਸ ਵਿੱਚ ਉਸਨੇ ਅਸ਼ਲੀਲ ਵੀਡੀਓ ਬਣਾਈ ਸੀ।