ਅੰਮ੍ਰਿਤਸਰ, 22 ਜੂਨ 2022 – ਪੰਜਾਬ ਦੇ ਅੰਮ੍ਰਿਤਸਰ ‘ਚ ਵਿਆਹ ਦੇ ਇਕ ਸਾਲ ਬਾਅਦ ਹੀ ਇਕ ਨੌਜਵਾਨ ਵੱਲੋਂ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਜ਼ਹਿਰ ਪੀ ਲਿਆ। ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲੈ ਗਏ ਪਰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ‘ਤੇ ਮ੍ਰਿਤਕ ਦੀ ਪਤਨੀ ਕੀਰਤੀ, ਸਹੁਰੇ ਰਵੀ ਕੁਮਾਰ ਅਤੇ ਸੱਸ ਕਿਰਨ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਸੰਜੀਵ ਕੁਮਾਰ (35) ਵਾਸੀ ਬਾਜ਼ਾਰ ਕਸਰੀਆਂ ਵੱਜੋਂ ਹੋਈ ਹੈ। ਮ੍ਰਿਤਕ ਦੇ ਮੋਬਾਈਲ ਨੇ ਇਸ ਸਾਰੀ ਗੱਲ ਦਾ ਰਾਜ਼ ਖੋਲ੍ਹ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਖੁਦਕੁਸ਼ੀ ਦੇ ਦੋਸ਼ ‘ਚ ਕੀਰਤੀ, ਉਸ ਦੇ ਪਿਤਾ ਰਵੀ ਕੁਮਾਰ ਅਤੇ ਸੱਸ ਕਿਰਨ ਵਾਸੀ ਗੁਰੂ ਨਾਨਕਪੁਰਾ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦਾ ਮੋਬਾਈਲ ਜ਼ਬਤ ਕਰ ਲਿਆ ਗਿਆ ਹੈ। ਮੋਬਾਈਲ ਰਿਕਾਰਡ ਤੋਂ ਕਈ ਰਾਜ਼ ਸਾਹਮਣੇ ਆਏ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਂਚ ਅਧਿਕਾਰੀ ਇੰਸਪੈਕਟਰ ਸੁਖਜਿੰਦਰ ਸਿੰਘ ਅਨੁਸਾਰ ਦੇਸ ਰਾਜ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਛੋਟਾ ਲੜਕਾ ਸੰਜੀਵ ਕੁਮਾਰ ਲਾਰੈਂਸ ਰੋਡ ’ਤੇ ਸਥਿਤ ਗਹਿਣਿਆਂ ਦੇ ਸ਼ੋਅਰੂਮ ਵਿੱਚ ਕੰਮ ਕਰਦਾ ਸੀ। ਕਰੀਬ ਇੱਕ ਸਾਲ ਪਹਿਲਾਂ ਉਸ ਦਾ ਵਿਆਹ ਗੁਰੂ ਨਾਨਕਪੁਰਾ ਵਾਸੀ ਕੀਰਤੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੇ ਕੁਝ ਦੂਰੀ ‘ਤੇ ਇਕ ਹੋਰ ਮਕਾਨ ਵੀ ਖਰੀਦ ਲਿਆ ਸੀ। ਇਸ ਦੌਰਾਨ ਕੀਰਤੀ ਦਾ ਆਪਣੇ ਪਤੀ ਨਾਲ ਛੋਟੀ-ਛੋਟੀ ਗੱਲ ਨੂੰ ਲੈ ਕੇ ਝਗੜਾ ਹੋਣ ਲੱਗਾ। ਉਸ ਨੇ ਕੀਰਤੀ ਨੂੰ ਕਈ ਵਾਰ ਸਮਝਾਇਆ ਸੀ ਕਿ ਉਹ ਆਪਣੇ ਬੇਟੇ ਨਾਲ ਝਗੜਾ ਨਾ ਕਰੇ ਪਰ ਉਸ ਨੇ ਗੱਲ ਨਹੀਂ ਮੰਨੀ। ਇਸ ਦੌਰਾਨ ਨੂੰਹ ਦੇ ਪਿਤਾ ਰਵੀ ਕੁਮਾਰ ਅਤੇ ਮਾਂ ਕਿਰਨ ਨੇ ਵੀ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਦੇਸ ਰਾਜ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਦੇ ਘਰ ਵਿੱਚ ਉਸ ਦੇ ਮਾਤਾ-ਪਿਤਾ ਦੀ ਇੰਨੀ ਦਖਲਅੰਦਾਜ਼ੀ ਸੀ ਕਿ ਕੀਰਤੀ ਨੇ ਕਿਸੇ ਦੀ ਗੱਲ ਨਹੀਂ ਸੁਣੀ। ਕੁਝ ਮਹੀਨੇ ਪਹਿਲਾਂ ਨੂੰਹ ਆਪਣੇ ਬੇਟੇ ਨਾਲ ਝਗੜਾ ਕਰਕੇ ਆਪਣੇ ਨਾਨਕੇ ਘਰ ਚਲੀ ਗਈ ਸੀ। ਨੂੰਹ ਨੇ ਮਾਪਿਆਂ ਦੇ ਕਹਿਣ ‘ਤੇ ਬੇਟੇ ਤੋਂ ਤਲਾਕ ਲੈਣ ਲਈ ਅਦਾਲਤ ਜਾਣ ਦੀ ਧਮਕੀ ਵੀ ਦਿੱਤੀ ਸੀ। ਇਸ ਕਾਰਨ ਸੰਜੀਵ ਬਹੁਤ ਪਰੇਸ਼ਾਨ ਰਹਿਣ ਲੱਗਾ। ਸੋਮਵਾਰ ਰਾਤ 8.30 ਵਜੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਦੋਂ ਉਹ ਰਾਤ ਨੂੰ ਉਸ ਨੂੰ ਮਿਲਣ ਗਿਆ ਤਾਂ ਉਸ ਦੀ ਹਾਲਤ ਵਿਗੜ ਚੁੱਕੀ ਸੀ। ਉਸ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।