ਲੁਧਿਆਣਾ, 12 ਜੁਲਾਈ 2025 – ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਰਾਹੋਂ ਰੋਡ ਦੇ ਗੁੱਜਰ ਭਵਨ ਦੇ ਰਹਿਣ ਵਾਲੇ ਇਕ ਵਿਅਕਤੀ ਦਾ ਰੰਜਿਸ਼ ਕਾਰਨ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਥਾਣਾ ਮੇਹਰਬਾਨ ਦੇ ਮੁਖੀ ਇੰਸ. ਪਰਮਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੁਲਸ ਨੂੰ ਸੂਚਨਾ ਮਿਲੀ ਕਿ ਗੁੱਜਰ ਭਵਨ ਦੇ ਰਹਿਣ ਵਾਲੇ ਤਿਲਕ ਰਾਜ ਦਾ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਤੁਰੰਤ ਮੌਕੇ ’ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਤਿਲਕ ਰਾਜ ਪਿਛਲੇ ਕਰੀਬ 6 ਮਹੀਨਿਆਂ ਤੋਂ ਗੁੱਜਰ ਭਵਨ ’ਚ ਕਿਰਾਏ ਦਾ ਮਕਾਨ ਲੈ ਕੇ ਆਪਣੀ ਪਤਨੀ ਅਤੇ 3 ਲੜਕਿਆਂ ਨਾਲ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਤਿਲਕ ਰਾਜ ਬੀਮਾਰੀ ਨਾਲ ਪੀੜਤ ਸੀ, ਜਿਸ ਕਾਰਨ ਕੋਈ ਕੰਮ ਨਹੀਂ ਕਰਦਾ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਤਿਲਕ ਰਾਜ ਆਪਣੇ ਘਰ ਦੇ ਬਾਹਰ ਮੁਹੱਲੇ ’ਚ ਸੈਰ ਕਰ ਰਿਹਾ ਸੀ। ਇਸੇ ਦੌਰਾਨ ਉਥੇ ਐਕਟਿਵਾ ਸਵਾਰ 2 ਵਿਅਕਤੀ ਆਏ, ਜਿਨ੍ਹਾਂ ਨੇ ਆਉਂਦੇ ਹੀ ਤਿਲਕ ਰਾਜ ਦੇ ਚਾਕੂ ਮਾਰ ਕੇ ਉੱਥੋਂ ਫਰਾਰ ਹੋ ਗਏ।
ਤਿਲਕ ਰਾਜ ਦੇ ਲੜਕੇ ਜਗਦੀਸ਼ ਅਤੇ ਦਾਨਿਸ਼ ਨੇ ਗੰਭੀਰ ਹਾਲਤ ’ਚ ਉਸ ਨੂੰ ਬਸਤੀ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ ਪਰ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਸਿਵਲ ਹਸਪਲਾਤ ’ਚ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਜਦੋਂ ਉਸ ਦੇ ਲੜਕੇ ਤਿਲਕ ਰਾਜ ਨੂੰ ਸਿਵਲ ਹਸਪਤਾਲ ’ਚ ਲੈ ਕੇ ਪੁੱਜੇ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਪੁਲਿਸ ਨੇ ਮ੍ਰਿਤਕ ਤਿਲਕ ਰਾਜ ਦੀ ਪਤਨੀ ਕਮਲਾ ਦੇਵੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਐਕਟਿਵਾ ਸਵਾਰ 2 ਅਣਪਛਾਤੇ ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤਿਲਕ ਰਾਜ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਤਾਂ ਉਸ ਸਮੇਂ ਉਸ ਦਾ ਇਕ ਲੜਕਾ ਦਾਨਿਸ਼ ਘਰ ਦੀ ਛੱਤ ’ਤੇ ਬੈਠਾ ਹੋਇਆ ਸੀ। ਇਸੇ ਦੌਰਾਨ ਸਾਹਮਣਿਓ ਇਕ ਐਕਟਿਵਾ ਸਵਾਰ 2 ਵਿਅਕਤੀ ਆਏ ਅਤੇ ਆਉਂਦੇ ਹੀ ਉਸ ਦੇ ਪਿਤਾ ਨੂੰ ਚਾਕੂ ਮਾਰ ਕੇ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਮੌਕੇ ’ਤੇ ਕਈ ਲੋਕਾਂ ਵਲੋਂ ਇਸ ਨੂੰ ਲੁੱਟ ਜਾਂ ਚੋਰੀ ਦੀ ਵਾਰਦਾਤ ਦੱਸਿਆ ਜਾ ਰਿਹਾ ਸੀ ਪਰ ਉਕਤ ਮੁਲਜ਼ਮਾਂ ਵਲੋਂ ਨਾ ਤਾਂ ਮ੍ਰਿਤਕ ਦਾ ਮੋਬਾਇਲ ਲੁੱਟਿਆ ਅਤੇ ਨਾ ਹੀ ਉਸ ਦੀ ਜੇਬ ’ਚ ਪਏ 200 ਰੁਪਏ ਲੁੱਟੇ ਗਏ। ਫਿਲਹਾਲ ਮਾਮਲਾ ਰੰਜਿਸ਼ ਦਾ ਲੱਗ ਰਿਹਾ ਹੈ, ਜਿਸ ਕਾਰਨ ਪੁਲਸ ਵਲੋਂ ਉਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਪੁਲਸ ਨੇ ਮ੍ਰਿਤਕ ਤਿਲਕ ਰਾਜ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਮਾਮਲੇ ਦੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
