ਅੰਮ੍ਰਿਤਸਰ, 25 ਅਗਸਤ 2024 – ਸਿੱਖਾਂ ਦੀ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਮੱਥਾ ਟੇਕਣ ਪਹੁੰਚਦੀਆਂ ਹਨ। ਉੱਥੇ ਹੀ ਸ਼ਰਾਬ ਘੁਟਾਲੇ ਮਾਮਲੇ ਚ 17 ਮਹੀਨੇ ਬਾਅਦ ਜੇਲ੍ਹ ਚੋਂ ਬਾਹਰ ਆਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਪਣੇ ਪਰਿਵਾਰ ਸਮੇਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਅਤੇ ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੇ ਕਈ ਕੈਬਨਟ ਮੰਤਰੀ ਵੀ ਹਾਜ਼ਰ ਰਹੇ। ਉਹਨਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ ਤੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੇ ਵਿੱਚ ਸਿੱਖਿਆ ਦੀ ਕ੍ਰਾਂਤੀ ਲਿਆਉਣ ਵਾਲੇ ਸਿੱਖਿਆ ਮੰਤਰੀ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸ਼ੋਦੀਆ ਨੂੰ ਝੂਠੇ ਕੇਸ ਦੇ ਵਿੱਚੋਂ ਹੁਣ ਜ਼ਮਾਨਤ ਮਿਲ ਚੁੱਕੀ ਹੈ ਅਤੇ ਸਾਨੂੰ ਅਦਾਲਤ ਤੇ ਅਤੇ ਵਾਹਿਗੁਰੂ ਤੇ ਪੂਰਾ ਭਰੋਸਾ ਸੀ ਕਿ ਉਹ ਜਲਦ ਇਨਸਾਫ ਦੇਣਗੇ ਅਤੇ ਅੱਜ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਹਨ ਤੇ ਇਸ ਦੌਰਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇਹ ਵੀ ਅਰਦਾਸ ਕੀਤੀ ਗਈ ਹੈ ਕਿ ਜਲਦ ਹੀ ਅਰਵਿੰਦ ਕੇਜਰੀਵਾਲ ਵੀ ਜੇਲ੍ਹ ਚੋਂ ਬਾਹਰ ਆਉਣ।
ਇਸ ਦੇ ਨਾਲ ਹੀ ਬੋਲਦੇ ਹੋਏ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਦੋਂ ਜੇਲ੍ਹ ਦੇ ਵਿੱਚ ਸੀ ਤਾਂ ਉਹਨਾਂ ਨੇ ਉਦੋਂ ਕਿਹਾ ਸੀ ਕਿ ਜੇਲ੍ਹ ਚੋਂ ਬਾਹਰ ਜਾਂਦਿਆਂ ਹੀ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਉਣਗੇ ਅਤੇ ਅੱਜ ਉਹ ਆਪਣੇ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਹਨ ਤੇ ਅਰਦਾਸ ਕਰਦੇ ਹਨ ਕਿ ਜਲਦ ਹੀ ਸੱਚਾਈ ਦੀ ਇੱਕ ਵਾਰ ਫਿਰ ਤੋਂ ਜਿੱਤ ਹੋਵੇ ਤੇ ਅਰਵਿੰਦ ਕੇਜਰੀਵਾਲ ਵੀ ਜਲਦ ਜੇਲ੍ਹ ਚੋਂ ਬਾਹਰ ਆਉਣ।