- ਮਾਨ ਵੱਲੋਂ ਪੰਜਾਬ ਪੁਲਿਸ ‘ਚ ਨਵੀਂ ਭਰਤੀ ਦਾ ਐਲਾਨ
- ਭਰਤੀ ਲਈ ਪ੍ਰੀਖਿਆ ਦੀਆਂ ਤਰੀਕਾਂ ਐਲਾਨੀਆਂ
ਚੰਡੀਗੜ੍ਹ, 6 ਅਕਤੂਬਰ 2022 – ਪੰਜਾਬ ਦੇ ਪੁਲਿਸ ਵਿਭਾਗ ਵਿੱਚ ਨਵੀਆਂ ਭਰਤੀਆਂ ਹੋਣਗੀਆਂ। ਸੀਐਮ ਭਗਵੰਤ ਮਾਨ ਨੇ ਟਵਿਟਰ ‘ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਰਤੀ ਨਾਲ ਸਬੰਧਤ ਵੇਰਵੇ ਸਾਂਝੇ ਕੀਤੇ ਹਨ। ਇਸ ਦੇ ਨਾਲ ਉਨ੍ਹਾਂ ਲਿਖਿਆ ਕਿ ਪਿਛਲੇ ਸਮੇਂ ਦੌਰਾਨ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ। ਹੁਣ ਪੁਲਿਸ ਵਿਭਾਗ ਵਿੱਚ ਨਵੀਆਂ ਭਰਤੀਆਂ ਹੋਣ ਜਾ ਰਹੀਆਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਸਾਰੀਆਂ ਭਰਤੀਆਂ ਮੈਰਿਟ ਦੇ ਆਧਾਰ ‘ਤੇ, ਰਿਸ਼ਵਤ ਜਾਂ ਸਿਫ਼ਾਰਸ਼ ਤੋਂ ਬਿਨਾਂ ਕੀਤੀਆਂ ਜਾਣਗੀਆਂ। ਸਾਡਾ ਪਹਿਲਾ ਟੀਚਾ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ।
ਪੰਜਾਬ ਪੁਲਿਸ ਭਰਤੀ ਪ੍ਰੀਖਿਆ ਦੇ ਵੇਰਵੇ
- ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕੇਡਰ ਵਿੱਚ ਕਾਂਸਟੇਬਲਾਂ ਦੀਆਂ 1156 ਅਸਾਮੀਆਂ ਲਈ 14 ਅਕਤੂਬਰ 2022 ਨੂੰ ਪ੍ਰੀਖਿਆ ਹੋਵੇਗੀ।
- 15 ਅਕਤੂਬਰ 2022 ਨੂੰ ਜਾਂਚ ਕਾਡਰ ਵਿੱਚ ਹੈੱਡ ਕਾਂਸਟੇਬਲ ਦੀਆਂ 787 ਅਸਾਮੀਆਂ ਲਈ ਪ੍ਰੀਖਿਆ ਹੋਵੇਗੀ।
- ਇਨਵੈਸਟੀਗੇਸ਼ਨ/ਇੰਟੈਲੀਜੈਂਸ/ਜ਼ਿਲ੍ਹਾ ਅਤੇ ਆਰਮਡ ਪੁਲਿਸ ਕਾਡਰ ਵਿੱਚ ਸਬ-ਇੰਸਪੈਕਟਰ ਦੀਆਂ 560 ਅਸਾਮੀਆਂ ਲਈ 16 ਅਕਤੂਬਰ 2022 ਨੂੰ ਪ੍ਰੀਖਿਆ ਹੋਵੇਗੀ।
ਦੂਜੇ ਪਾਸੇ ਮੁਹਾਲੀ ਦੇ ਸੋਹਾਣਾ ਵਿੱਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਪੀਟੀਆਈ ਅਧਿਆਪਕ ਪੰਜਾਬ ਸਰਕਾਰ ਤੋਂ ਲਗਾਤਾਰ ਨੌਕਰੀਆਂ ਦੀ ਮੰਗ ਕਰ ਰਹੇ ਹਨ। ਪੀਟੀਆਈ ਅਧਿਆਪਕ ਸਿੱਪੀ ਸ਼ਰਮਾ ਨੇ ਭਗਵੰਤ ਮਾਨ ਸਰਕਾਰ ‘ਤੇ ਉਨ੍ਹਾਂ ਨੂੰ ਨੌਕਰੀ ਦੇਣ ਦੇ ਨਾਂ ‘ਤੇ 7 ਮਹੀਨੇ ਮਿੱਠੀਆਂ ਗੋਲੀਆਂ ਦੇਣ ਦਾ ਦੋਸ਼ ਲਗਾਇਆ ਹੈ। 464 ਪੀਟੀਆਈ ਅਧਿਆਪਕ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।