ਸੰਜੀਵ ਜਿੰਦਲ
ਮਾਨਸਾ, 26 ਮਾਰਚ 2022 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਾਨਸਾ ਵਿਖੇ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਈ ਨਰਮੇ ਦੀ ਫਸਲ ਸਬੰਧੀ ਮੁਆਵਜ਼ੇ ਦੇ ਚੈੱਕ ਕਿਸਾਨਾਂ- ਮਜ਼ਦੂਰਾਂ ਨੂੰ ਵੰਡੇ।
ਮਾਨਸਾ ਦੀ ਬਾਹਰਲੀ ਅਨਾਜ ਮੰਡੀ ਵਿੱਚ ਇਸ ਸਬੰਧੀ ਸਮਾਗਮ ਕਰਵਾਇਆ ਗਿਆ ਹੈ। ਸਮਾਗਮ ਦੌਰਾਨ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਮੌੜ ਮੰਡੀ ਤਲਵੰਡੀ ਸਾਬੋ ਸਬ ਡਵੀਜਨਾਂ ਦੇ ਕਿਸਾਨਾਂ-ਮਜ਼ਦੂਰਾਂ ਨੂੰ ਚੈੱਕ ਤਕਸੀਮ ਕੀਤੇ ਗਏ।
ਦੱਸ ਦਈਏ ਕਿ ਨਰਮੇ ਦੀ ਖਰਾਬ ਫਸਲ ਦੇ ਮੁਆਵਜ਼ੇ ਦਾ ਐਲਾਨ ਪਿਛਲੇ ਚੰਨੀ ਸਰਕਾਰ ਨੇ ਕੀਤਾ ਸੀ। ਪਰ ਸਰਕਾਰ ਦੀ ਟਾਲ-ਮਟੋਲ ਵਾਲੀ ਨੀਤੀ ਕਾਰਨ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਸਰਕਾਰ ਵਿਰੁੱਧ ਅੰਦੋਲਨ ਵਿੱਢਿਆ ਹੋਇਆ ਸੀ, ਜਿਸ ਤਹਿਤ ਮਾਨਸਾ ਦੇ ਸਕੱਤਰੇਤ ਨੂੰ ਵੀ ਘੇਰਾ ਪਾਈ ਰੱਖਿਆ ਹੈ।
ਘਰ ਦਾ ਖ਼ਰਚ ਚਲਾਉਣ ਲਈ ਗਿਰਦਾਵਰੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ
ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਕੁਦਰਤੀ ਕਰੋਪੀ ਕਾਰਨ ਕਿਸੇ ਦੀ ਫਸਲ ਖਰਾਬ ਹੁੰਦੀ ਹੈ ਤਾਂ ਪਹਿਲਾਂ ਮੁਆਵਜ਼ਾ ਮਿਲੇਗਾ। ਉਸ ਦੇ ਬਾਅਦ ਗਿਰਦਾਵਰੀ ਹੋਵੇਗੀ। ਉਨ੍ਹਾਂ ਕਿਹਾ ਕਿ ਗਿਰਦਾਵਰੀ ਹੋਣ ਤੱਕ ਕਿਸਾਨ ਨੂੰ ਘਰ ਦਾ ਖਰਚ ਚਲਾਉਣ ਲਈ ਪੈਸਾ ਦਿੱਤਾ ਜਾਵੇਗਾ।
ਮਾਨ ਨੇ ਇਹ ਵੀ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਦਾ ਮੁਆਵਜ਼ਾ ਕਿਸਾਨਾਂ ਦੇ ਖਾਤੇ ਵਿਚ ਆਏਗਾ। ਜੇਕਰ ਕਿਸੇ ਨੂੰ ਮੁਸ਼ਕਲ ਆਏ ਤਾਂ ਪਾਰਟੀ ਦੇ ਵਿਧਾਇਕ ਨੂੰ ਮਿਲ ਲੈਣਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਦੇ ਬਦਲੇ ਕਮਿਸ਼ਨ ਮੰਗਦਾ ਹੈ ਤਾਂ ਫਿਰ ਪੰਜਾਬ ਸਰਕਾਰ ਦਾ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ 95012-00200 ਯਾਦ ਰੱਖਣਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ 1.36 ਹਜ਼ਾਰ ਏਕੜ ਨਰਮ ਗੁਲਾਬੀ ਸੁੰਡੀ ਕਾਰਨ ਖਰਾਬ ਹੋਇਆ ਸੀ।
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਕੰਮ ਪਿਛਲੇ 70 ਸਾਲਾਂ ਵਿੱਚ ਨਹੀਂ ਹੋ ਸਕੇ ਉਹ ਤੁਹਾਨੂੰ ਤੁਹਾਡਾ ਇਹ ਬੇਟਾ 5 ਸਾਲਾਂ ਵਿੱਚ ਕਰ ਕੇ ਵਿਖਾਏਗਾ ।