- ਕੇਂਦਰੀ ਕਰਜ਼ਾ ਵਧਾਵੇਗਾ ਪੰਜਾਬ ਸਿਰ ਕਰਜ਼ੇ ਦੀ ਪੰਡ ਦਾ ਭਾਰ : ਮਹਿਲਾ ਕਿਸਾਨ ਯੂਨੀਅਨ
- ਕਿਹਾ ਮੁੱਖ ਮੰਤਰੀ ਨੇ ਮੋਦੀ ਕੋਲ ਕਿਸਾਨਾਂ ਦੀਆਂ ਮੰਗਾਂ ਨਾ ਉਠਾ ਕੇ ਅੰਨਦਾਤਾ ਨੂੰ ਨਿਰਾਸ਼ ਕੀਤਾ
ਚੰਡੀਗੜ੍ਹ 27 ਮਾਰਚ 2022 – ਮਹਿਲਾ ਕਿਸਾਨ ਯੂਨੀਅਨ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਦੌਰੇ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਪੰਜਾਬ ਦੀਆਂ ਹੱਕੀ ਮੰਗਾਂ ਉਠਾਉਣ ਅਤੇ ਸੂਬੇ ਵਿੱਚ ਕੇਂਦਰੀ ਪ੍ਰਾਯੋਜਿਤ ਯੋਜਨਾਵਾਂ ਰਾਹੀਂ ਪੈਸਾ ਲਿਆਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ ਕਿਉਂਕਿ ਮਾਨ ਨੇ ਕੇਂਦਰ ਸਰਕਾਰ ਕੋਲ ਕਰਜ਼ਾ ਲੈਣ ਤੋਂ ਸਿਵਾਏ ਹੋਰ ਕੋਈ ਮੰਗ ਹੀ ਨਹੀਂ ਉਠਾਈ।
ਇੱਥੇ ਜਾਰੀ ਇਕ ਬਿਆਨ ਵਿਚ ਇਹ ਪ੍ਰਗਟਾਵਾ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਖਿਆ ਕਿ ਮੁੱਖ ਮੰਤਰੀ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਖ਼ਤਮ ਕਰਾਉਣ ਖਾਤਰ ਕੀਤੇ ਸਾਰੇ ਲਿਖਤੀ ਵਾਅਦੇ ਪੂਰੇ ਕਰਨ ਲਈ ਮੋਦੀ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਨਾ ਹੀ ਕੇਂਦਰੀ ਪ੍ਰਾਯੋਜਿਤ ਸਕੀਮਾਂ ਅਧੀਨ ਵਾਧੂ ਵਿੱਤੀ ਸਹਾਇਤਾ ਲੈਣ ਲਈ ਰਾਜ ਦੇ ਵੱਖ-ਵੱਖ ਵਿਭਾਗਾਂ, ਕੌਮਾਂਤਰੀ ਵਪਾਰ ਲਈ ਸਰਹੱਦੀ ਲਾਂਘੇ ਖੋਲ੍ਹਣ, ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕਰਾਉਣ, ਸੰਘੀ ਢਾਂਚੇ ਨੂੰ ਬਚਾਉਣ, ਖੇਤੀ ਵਿਭਿੰਨਤਾ ਜਾਂ ਲੋਕ ਭਲਾਈ ਲਈ ਠੋਸ ਮੰਗਾਂ ਰੱਖੀਆਂ ਹਨ।
ਮਹਿਲਾ ਕਿਸਾਨ ਨੇਤਾ ਨੇ ਆਖਿਆ ਕਿ ਭਗਵੰਤ ਮਾਨ ਨੇ ਬਿਨਾਂ ਪ੍ਰਸ਼ਾਸ਼ਕੀ ਤਿਆਰੀ ਤੋਂ ਪ੍ਰਧਾਨ ਮੰਤਰੀ ਨਾਲ ਸਰਕਾਰੀ ਬੈਠਕ ਕੀਤੀ ਜਿਸ ਦੌਰਾਨ ਕਰਜ਼ਾ ਮੰਗਣ ਤੋਂ ਬਿਨਾਂ ਹੋਰ ਕੋਈ ਮੁੱਦਾ ਨਾ ਹੋਣ ਕਰਕੇ ਉੱਚ ਪੱਧਰੀ ਮੀਟਿੰਗ ਦਾ ਕੋਈ ਸਾਰਥਿਕ ਨਤੀਜਾ ਨਹੀਂ ਨਿਕਲਿਆ। ਬੀਬੀ ਰਾਜੂ ਨੇ ਕਿਹਾ ਕਿ ਪੰਜਾਬ ਸਿਰ ਪਹਿਲਾਂ ਹੀ ਅਰਬਾਂ ਰੁਪਏ ਦਾ ਕੇਂਦਰੀ ਕਰਜ਼ਾ ਖਡ਼੍ਹਾ ਹੈ ਅਤੇ ਹੁਣ ਵਾਧੂ ਇੱਕ ਲੱਖ ਕਰੋੜ ਦਾ ਕਰਜ਼ਾ ਚੁੱਕਣ ਨਾਲ ਪਹਿਲਾਂ ਹੀ ਕਰਜ਼ਈ ਹੋ ਚੁੱਕੇ ਸੂਬੇ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਜਾਵੇਗੀ।
ਬੀਬੀ ਰਾਜੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਪ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਕੇ 30 ਹਜ਼ਾਰ ਕਰੋੜ ਰੁਪਏ ਅਤੇ ਰੇਤ ਮਾਫ਼ੀਆ ਖ਼ਤਮ ਕਰ ਕੇ 20 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਜੁਟਾਉਣਗੇ। ਜੇਕਰ ਇਸ ਫਾਰਮੂਲੇ ਰਾਹੀਂ ਆਪ ਸਰਕਾਰ 50 ਹਜ਼ਾਰ ਕਰੋੜ ਰੁਪਏ ਇਕੱਠੇ ਕਰ ਸਕਦੀ ਹੈ ਤਾਂ ਫਿਰ ਹੁਣ ਕੇਂਦਰ ਕੋਲੋਂ ਕਰਜ਼ਾ ਚੁੱਕਣ ਦੀ ਕੀ ਲੋੜ ਹੈ ?
ਮਹਿਲਾ ਕਿਸਾਨ ਨੇਤਾ ਨੇ ਆਖਿਆ ਕਿ ਕੇਂਦਰ ਸਰਕਾਰ ਦੀ ਵਾਅਦਾਖਿਲਾਫੀ ਕਾਰਨ ਭਵਿੱਖ ਵਿੱਚ ਸ਼ੁਰੂ ਹੋਣ ਵਾਲੇ ਕਿਸਾਨ ਅੰਦੋਲਨ ਦੇ ਦੂਜੇ ਪੜਾਅ ਦੀ ਆਹਟ ਤੋਂ ਪਹਿਲਾਂ ਹੀ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਅੱਗੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਪੂਰੀਆਂ ਕਰਵਾਉਣ ਲਈ ਆਵਾਜ਼ ਉਠਾਉਣੀ ਚਾਹੀਦੀ ਸੀ ਤਾਂ ਜੋ ਕਿਸਾਨਾਂ ਨੂੰ ਨਿਆਂ ਮਿਲ ਸਕਦਾ ਅਤੇ ਉਹ ਅੰਦੋਲਨਾਂ ਦੀ ਥਾਂ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਵੱਧ ਖੇਤੀ ਪੈਦਾਵਾਰ ਲਈ ਆਪਣੀ ਤਾਕਤ ਲਾਉਂਦੇ।
ਬੀਬੀ ਰਾਜਵਿੰਦਰ ਕੌਰ ਰਾਜੂ ਨੇ ਅਫ਼ਸੋਸ ਜਤਾਇਆ ਕਿ ਇਨਕਲਾਬੀ ਬਦਲਾਵ ਦੀ ਗਾਰੰਟੀ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਕਿਸਾਨਾਂ ਨੂੰ ਰਵਾਇਤੀ ਪਾਰਟੀਆਂ ਵਾਂਗ ਕੋਈ ਵੱਡੀਆਂ ਉਮੀਦਾਂ ਨਹੀਂ ਹਨ ਜਿਸ ਕਰਕੇ ਅੰਨਦਾਤਾ ਕੋਲ ਅੰਦੋਲਨਾਂ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚਦਾ।