ਚੰਡੀਗੜ੍ਹ, 24 ਮਈ 2022 – ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰ ਦਿੱਤਾ ਹੈ। ਵਿਜੇ ਸਿੰਗਲਾ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਵਿਜੇ ਸਿੰਗਲਾ ਸਿਹਤ ਵਿਭਾਗ ਵਿੱਚ ਕੀਤੇ ਜਾ ਰਹੇ ਕੰਮਾਂ ਲਈ 1 ਫੀਸਦੀ ਕਮਿਸ਼ਨ ਦੀ ਮੰਗ ਕਰ ਰਹੇ ਸਨ। ਇਸ ਦੀ ਸ਼ਿਕਾਇਤ ਸੀਐਮ ਭਗਵੰਤ ਮਾਨ ਤੱਕ ਪਹੁੰਚ ਗਈ ਸੀ। ਉਸ ਨੇ ਇਸ ਦੀ ਗੁਪਤ ਜਾਂਚ ਕਰਵਾਈ। ਜਿਸ ਦੇ ਮੰਤਰੀ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਵਿਚ ਸ਼ਾਮਿਲ ਹੋਣ ਦੇ ਠੋਸ ਸਬੂਤ ਮਿਲੇ ਹਨ। ਅਧਿਕਾਰੀਆਂ ਤੋਂ ਪੁੱਛਗਿੱਛ ਤੋਂ ਬਾਅਦ ਮੰਤਰੀ ਨੂੰ ਤਲਬ ਕੀਤਾ ਗਿਆ। ਮੰਤਰੀ ਨੇ ਗਲਤੀ ਮੰਨ ਲਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਦੇਸ਼ ਦੇ ਇਤਿਹਾਸ ਵਿਚ ਦੂਜੀ ਵਾਰ ਕਿਸੇ ਮੁੱਖ ਮੰਤਰੀ ਨੇ ਸਿੱਧੇ ਆਪਣੇ ਮੰਤਰੀ ‘ਤੇ ਸਖ਼ਤ ਐਕਸ਼ਨ ਲਿਆ ਹੈ।ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਇਹ ਵੱਡੀ ਕਾਰਵਾਈ ਹੈ |
ਇਸ ਸਬੰਧੀ ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਇੱਕ ਮਾਮਲਾ ਮੇਰੇ ਧਿਆਨ ਵਿੱਚ ਆਇਆ ਹੈ। ਇਸ ਵਿੱਚ ਮੇਰੀ ਸਰਕਾਰ ਦਾ ਇੱਕ ਮੰਤਰੀ ਉਸ ਵਿਭਾਗ ਦੇ ਹਰ ਟੈਂਡਰ ਜਾਂ ਖਰੀਦ-ਵੇਚ ਵਿੱਚ ਇੱਕ ਫੀਸਦੀ ਕਮਿਸ਼ਨ ਮੰਗ ਰਿਹਾ ਸੀ। ਇਸ ਕੇਸ ਬਾਰੇ ਸਿਰਫ਼ ਮੈਂ ਹੀ ਜਾਣਦਾ ਹਾਂ। ਵਿਰੋਧੀ ਪਾਰਟੀਆਂ ਅਤੇ ਮੀਡੀਆ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਜੇ ਮੈਂ ਚਾਹੁੰਦਾ ਤਾਂ ਕੇਸ ਦਬਾ ਸਕਦਾ ਸੀ। ਇਸ ਨਾਲ ਲੋਕਾਂ ਦਾ ਭਰੋਸਾ ਟੁੱਟੇਗਾ। ਮੈਂ ਉਸ ਮੰਤਰੀ ਖਿਲਾਫ ਸਖਤ ਕਾਰਵਾਈ ਕਰ ਰਿਹਾ ਹਾਂ। ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਪੁਲੀਸ ਨੂੰ ਉਸ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਮਾਨ ਨੇ ਕਿਹਾ ਕਿ ਮੰਤਰੀ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕਹਿਣਗੀਆਂ ਕਿ ਦੋ ਮਹੀਨਿਆਂ ਵਿੱਚ ਮੇਰੀ ਸਰਕਾਰ ਦਾ ਇੱਕ ਮੰਤਰੀ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਇਆ ਗਿਆ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਵੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਮੁੱਖ ਮੰਤਰੀ ਨੂੰ ਵੀ ਕੀ ਪਤਾ ਸੀ ਕਿ ਰੇਤ ਦੀ ਨਾਜਾਇਜ਼ ਮਾਈਨਿੰਗ ‘ਚ ਕੌਣ ਸ਼ਾਮਲ ਸੀ ? ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। ਮੰਤਰੀ ਨੂੰ ਬਰਖਾਸਤ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਖਿਲਾਫ ਵੀ ਕੇਸ ਦਰਜ ਕਰ ਰਹੇ ਹਾਂ।