ਮਾਨਸਾ ,24 ਅਗਸਤ 2023: ਮਾਨਸਾ ਪੁਲਿਸ ਨੇ ਆਪਣੀ ਨਸ਼ਿਆਂ ਖ਼ਿਲਾਫ਼ ਇੱਕ ਨਾਕਾਬੰਦੀ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 29 ਕੁਇੰਟਲ ਭੁੱਕੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਕੈਂਟਰ ਵੀ ਕਬਜ਼ੇ ਵਿੱਚ ਲਿਆ ਹੈ ਜਿਸ ਵਿੱਚ ਇਹ ਭੁੱਕੀ ਚੂਰਾ ਪੋਸਤ ਲਿਆਂਦੀ ਜਾ ਰਹੀ ਸੀ। ਨਸ਼ਾ ਤਸਕਰਾਂ ਦਾ ਸਬੰਧ ਮੱਧ ਪ੍ਰਦੇਸ਼ ਨਾਲ ਹੈ ਜੋ ਇਸ ਭੁੱਕੀ ਨੂੰ 145 ਗੱਟਿਆ ਵਿੱਚ ਭਰ ਕੇ ਲਿਆਏ ਸਨ। ਪੁਲਿਸ ਅਨੁਸਾਰ ਹਰ ਗੱਟੇ ਦਾ ਵਜ਼ਨ 20 ਕਿਲੋ ਸੀ।ਪੁਲਿਸ ਨੇ ਇਸ ਸੰਬੰਧ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ:ਨਾਨਕ ਸਿੰਘ ਨੇ ਪੁਲਿਸ ਨੂੰ ਮਿਲੀ ਇਸ ਸਫਲਤਾ ਦਾ ਖੁਲਾਸਾ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ ਮਾਨਸਾ ਦੇ ਇੰਚਾਰਜ ਸੁਖਜੀਤ ਸਿੰਘ ਦੀ ਅਗਵਾਈ ਹੇਠ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਬੁਢਲਾਡਾ-ਸੁਨਾਮ ਰੋਡ ਤੇ ਪਿੰਡ ਦੋਦੜਾ ਤੋਂ ਭਾਦੜਾ ਨੂੰ ਜਾਦੀ ਸੜਕ ਉੱਤੇ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਇੱਕ ਆਈਸ਼ਰ ਕੈਂਟਰ ਜਿਸ ਤੇ ਕਾਲੇ ਰੰਗ ਦੀ ਤਰਪਾਲ ਪਾਕੇ ਰੱਸੀ ਬੰਨ੍ਹੀ ਹੋਈ ਸੀ ਆਉਂਦਾ ਦਿਖਾਈ ਦਿੱਤਾ।
ਉਨ੍ਹਾਂ ਦੱਸਿਆ ਕਿ ਕੈਂਟਰ ਵਿੱਚ ਤਿੰਨ ਮੋਨੇ ਨੌਜਵਾਨ ਸਵਾਰ ਸਨ। ਜਦੋਂ ਪੁਲਿਸ ਪਾਰਟੀ ਨੇ ਕੈਂਟਰ ਨੂੰ ਹੱਥ ਦੇ ਕੇ ਰੋਕਣ ਦਾ ਇਸ਼ਾਰਾ ਕੀਤਾ ਤਾਂ
ਕੈਂਟਰ ਡਰਾਇਵਰ ਸਮੇਤ ਕੈਬਨ ‘ਚ ਬੈਠੇ ਵਿਅਕਤੀ ਘਬਰਾ ਗਏ ਤੇ ਕੈਂਟਰ ਇੱਕਦਮ ਰੋਕ ਲਿਆ ਅਤੇ ਆਪੋ ਆਪਣੀਆਂ ਤਾਕੀਆਂ ਖੋਲ੍ਹ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੁਸਤੈਦ ਖਲੋਤੀ ਪੁਲਿਸ ਪਾਰਟੀ ਨੇ ਤਿੰਨਾਂ ਨੌਜਵਾਨਾਂ ਨੂੰ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਕੈਂਟਰ ਦੀ ਤਲਾਸ਼ੀ ਲੈਣ ਤੇ ਉਸ ਵਿਚੋਂ ਪਲਾਸਟਿਕ ਦੇ145 ਗੱਟੇ ਭੁੱਕੀ ਦੇ ਬਰਾਮਦ ਹੋਏ ਹਨ ਅਤੇ ਹਰੇਕ ਗੱਟੇ ਦਾ ਵਜ਼ਨ 20 ਕਿੱਲੋ ਸੀ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਇਸ ਬਰਾਮਦਗੀ ਸਬੰਧੀ ਥਾਣਾ ਸਦਰ ਬੁਢਲਾਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਐਸ ਐਸ ਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਾਗੇਸ਼ ਪੁੱਤਰ ਜਗਦੀਸ਼ ਵਾਸੀ ਈਮਾ ਬੜੌਦੀਆ ਥਾਣਾ ਸਾਮੇਰ ਜਿਲ੍ਹਾ ਇੰਦੋਰ (ਮੱਧ-ਪ੍ਰਦੇਸ਼),ਵਿਨੋਦ ਪੁੱਤਰ ਗੋਵਰਧਨ ਪੁੱਤਰ ਗੰਗਾ ਰਾਮ ਵਾਸੀ ਲਖਣਖੇੜੀ ਥਾਣਾ ਸਾਮੇਰ ਜਿਲ੍ਹਾ ਇੰਦੌਰ (ਮੱਧ-ਪ੍ਰਦੇਸ਼) ਅਤੇ ਦਾਰਾ ਸਿੰਘ ਪੁੱਤਰ ਪ੍ਰਲਾਦ ਸਿੰਘ ਵਾਸੀ ਨਾਹਰ ਖੇੜਾ ਜਿਲ੍ਹਾ ਆਗਰਮਾਲਵਾ ਥਾਣਾ ਸੁਸਮੇਰ (ਮੱਧ-ਪ੍ਰਦੇਸ਼) ਦੇ ਤੌਰ ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪੁਲੀਸ ਹੁਣ ਨਸ਼ਾ ਤਸਕਰਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹ ਪਤਾ ਲਾਏਗੀ ਕਿ ਭੁੱਕੀ ਦੀ ਇੰਨੀ ਵੱਡੀ ਮਾਤਰਾ ਕਿੱਥੇ ਅਤੇ ਕਿਸ ਨੂੰ ਵੇਚੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਪੁੱਛ ਪੜਤਾਲ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।