ਮਾਨਸਾ, 25 ਜਨਵਰੀ 2023 – ਮਾਨਸਾ ਪੁਲਿਸ ਵੱਲੋ ਸਮਾਜ ਵਿਰੋਧੀ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸਰਦੂਲਗੜ੍ਹ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਕੋਲੋਂ ਇੱਕ ਪਿਸਟਲ 9MM ਗਲੌਕ ਅਤੇ 9 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਪਿਸਟਲ ਇਹਨਾਂ ਵੱਲੋਂ ਕੱਲ੍ਹ ਬਠਿੰਡਾ ਤੋਂ ਪੁਲਿਸ ਮੁਲਾਜ਼ਮ ਕੋਲੋਂ ਖੋਹਿਆ ਗਿਆ ਸੀ, ਉੱਧਰ ਫੜੇ ਗਏ ਆਰੋਪੀ ਖੁਦ ਨੂੰ ਬੇਕਸੂਰ ਦੱਸ ਰਹੇ ਹਨ।
ਬਠਿੰਡਾ ਪੁਲਿਸ ਦੇ ਮੁਲਾਜ਼ਮ ਕੋਲੋਂ ਪਿਸਟਲ ਖੋਹ ਕੇ ਭੱਜੇ ਦੋ ਔਰਤਾਂ ਸਣੇ ਪੰਜ ਵਿਅਕਤੀਆਂ ਨੂੰ ਮਾਨਸਾ ਪੁਲਿਸ ਨੇ ਪਿਸਟਲ, 9 ਜਿੰਦਾ ਕਾਰਤੂਸ ਅਤੇ 80 ਹਜ਼ਾਰ ਦੀ ਨਕਦੀ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਐਸ.ਪੀ. (ਡੀ) ਬਾਲ ਕ੍ਰਿਸ਼ਨ ਨੇ ਦੱਸਿਆ ਕਿ ਸਰਦੂਲਗੜ੍ਹ ਪੁਲਿਸ ਨੇ ਪਿੰਡ ਕਾਹਨੇਵਾਲਾ ਟੀ-ਪੁਆਇੰਟ ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਸਵਿਫਟ ਕਾਰ ਨੰਬਰ HR 51 BC 9273 ਨੂੰ ਰੋਕਿਆ ਗਿਆ ਤਾਂ ਤਲਾਸ਼ੀ ਲੈਣ ਤੇ ਇੱਕ ਪਿਸਟਲ 9MM ਗਲੋਕ, 9 ਜਿੰਦਾ ਕਾਰਤੂਸ ਅਤੇ 80 ਹਜ਼ਾਰ ਦੀ ਨਕਦੀ ਬਰਾਮਦ ਕਰਕੇ ਦੋ ਔਰਤਾਂ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨਾਂ ਪੰਜਾਂ ਲੋਕਾਂ ਦੇ ਖਿਲਾਫ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਪੁੱਛਗਿੱਛ ਵਿੱਚ ਪਤਾ ਚੱਲਿਆ ਹੈ ਕਿ ਇਨ੍ਹਾਂ ਲੋਕਾਂ ਨੇ ਇਸ ਪਿਸਟਲ ਬਠਿੰਡਾ ਦੇ ਕਿਸੇ ਪੁਲਿਸ ਮੁਲਾਜ਼ਮ ਤੋਂ ਖੋਹਿਆ ਸੀ।
ਉੱਧਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਬਠਿੰਡਾ ਵਿਖੇ ਕਿਸੇ ਵਿਅਕਤੀ ਨੇ ਉਹਨਾਂ ਦੀ ਗੱਡੀ ਵਿੱਚ ਗੱਡੀ ਮਾਰੀ ਅਤੇ ਗੋਲੀ ਚਲਾਉਣ ਦੀ ਧਮਕੀ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਪਿਸਟਲ ਖੋਹਣ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਪੁਲਿਸ ਮੁਲਾਜ਼ਮ ਹੈ ਤਾਂ ਅਸੀਂ ਪਿਸਟਲ ਜਮਾਂ ਕਰਵਾਉਣ ਲਈ 112 ਨੰਬਰ ਤੇ ਫੋਨ ਕੀਤਾ ਅਤੇ ਪਿਸਤੌਲ ਜਮ੍ਹਾ ਕਰਵਾਉਣ ਲਈ ਕਿਹਾ ਸੀ।।