- ਅਸ਼ਵਨੀ ਸ਼ਰਮਾ ਦਾ ਅੰਮ੍ਰਿਤਸਰ ਪੁੱਜਣ ‘ਤੇ ਸੁਰੇਸ਼ ਮਹਾਜਨ ਨੇ ਆਪਣੀ ਟੀਮ ਸਮੇਤ ਕੀਤਾ ਸਵਾਗਤ।
- ਭਗਵੰਤ ਮਾਨ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਦੇਖ ਕੇ ਲੋਕ ਕਰ ਰਹੇ ਹਨ ਠੱਗਿਆ ਮਹਿਸੂਸ।
- ਅਸ਼ਵਨੀ ਸ਼ਰਮਾ ਨੇ ਜਥੇਬੰਦਕ ਮੀਟਿੰਗ ਵਿੱਚ ਵਰਕਰਾਂ ਨੂੰ ਨਿਗਮ ਚੋਣਾਂ ਵਿੱਚ ਹੁਣ ਤੋਂ ਡਟਣ ਦਾ ਦਿੱਤਾ ਸੱਦਾ।
ਅੰਮ੍ਰਿਤਸਰ 3 ਅਗਸਤ 2022 – ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਇਕ ਵਿਸ਼ੇਸ਼ ਜਥੇਬੰਦਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਹੋਈ, ਜਿਸ ਵਿਚ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁਖ ਤੌਰ ‘ਤੇ ਸ਼ਿਰਕਤ ਕੀਤੀI ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ ਵਿਧਾਨ ਸਭਾ ਤੋਂ ਜਿੱਤ ਦਰਜ ਕਰਕੇ ਪਹਿਲੀ ਵਾਰ ਵਿਧਾਇਕ ਬਣੇ ਅੰਮ੍ਰਿਤਸਰ ਪੁੱਜੇ ਜਿੱਥੇ ਜਿਲਾ ਪ੍ਰਧਾਨ ਸੁਰੇਸ਼ ਮਹਾਜਨ ਤੇ ਹੋਰ ਅਹੁਦੇਦਾਰਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਦੇ ਨਾਲ ਮੰਚ ‘ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਸੂਬਾ ਸਕੱਤਰ ਰੀਨਾ ਜੇਤਲੀ, ਸੂਬਾ ਮੀਡੀਆ ਸਕੱਤਰ ਜਨਾਰਦਨ ਸ਼ਰਮਾ, ਸਾਬਕਾ ਸਿਹਤ ਮੰਤਰੀ ਡਾ: ਬਲਦੇਵ ਰਾਜ ਚਾਵਲਾ, ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੰਧਾਰੀ, ਸੁਖਮਿੰਦਰ ਸਿੰਘ ਪਿੰਟੂ ਆਦਿ ਮੌਜੂਦ ਸਨ।
ਅਸ਼ਵਨੀ ਸ਼ਰਮਾ ਨੇ ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ ਭਾਜਪਾ ਅੰਮ੍ਰਿਤਸਰ ਦੇ ਕੋਰ ਗਰੁੱਪ ਮੈਂਬਰਾਂ ਅਤੇ ਅੰਮ੍ਰਿਤਸਰ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਣ ਵਾਲੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਅਸ਼ਵਨੀ ਸ਼ਰਮਾ ਨੇ ਅੰਮ੍ਰਿਤਸਰ ਦੇ ਜ਼ਿਲ੍ਹਾ ਅਹੁਦੇਦਾਰਾਂ, ਮੰਡਲ ਪ੍ਰਧਾਨਾਂ ਅਤੇ ਉਨ੍ਹਾਂ ਦੇ ਜਨਰਲ ਸਕੱਤਰਾਂ, ਮੋਰਚੇ ਦੇ ਪ੍ਰਧਾਨਾਂ ਅਤੇ ਉਨ੍ਹਾਂ ਦੇ ਜਨਰਲ ਸਕੱਤਰਾਂ ਅਤੇ ਸੈੱਲ ਕਨਵੀਨਰਾਂ ਨਾਲ ਮੀਟਿੰਗ ਕੀਤੀ ਅਤੇ ਜਥੇਬੰਦਕ ਢਾਂਚੇ ਅਤੇ ਆਉਣ ਵਾਲੀਆਂ ਨਿਗਮ ਚੋਣਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਅਸ਼ਵਨੀ ਸ਼ਰਮਾ ਨੇ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਹੁਣ ਤੋਂ ਹੀ ਨਿਗਮ ਚੋਣਾਂ ਲੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਾਅਦਿਆਂ ਦੀ ਪੋਲ ਖੁਲਦੀ ਪੰਜਾਬ ਦੀ ਜਨਤਾ ਨੂੰ ਸਾਫ਼ ਨਜ਼ਰ ਆ ਰਹੀ ਹੈ। ਝੂਠੇ ਵਾਅਦਿਆਂ ਦੀ ਬੈਸਾਖੀਆਂ ਦੇ ਸਹਾਰੇ ਆਮ ਆਦਮੀ ਪਾਰਟੀ ਦਾ ਸੱਤਾ ‘ਚ ਆਉਣਾ ਹੁਣ ਲੋਕਾਂ ਸਾਹਮਣੇ ਆ ਗਿਆ ਹੈ। ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਚੋਣ ਐਲਾਨਾਂ ਵਿੱਚ 1 ਅਪ੍ਰੈਲ ਨੂੰ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਫ੍ਰੀ ਦੇਣਾ, ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ। 15 ਦਿਨਾਂ ਵਿੱਚ ਹੀ ਆਮ ਆਦਮੀ ਪਾਰਟੀ ਦਾ ਅਕਸ ਲੋਕਾਂ ਵਿੱਚ ਡਿੱਗਣਾ ਸ਼ੁਰੂ ਹੋ ਗਿਆ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਪੰਜਾਬ ਦੇ ਭੋਲੇ-ਭਾਲੇ ਲੋਕ ਨਗਰ ਨਿਗਮ ਚੋਣਾਂ ਵਿੱਚ ਇੱਕ ਵਾਰ ਫਿਰ ਭਾਜਪਾ ਨੂੰ ਬਦਲ ਵਜੋਂ ਦੇਖ ਰਹੇ ਹਨ। ਜੇਕਰ ਭਾਜਪਾ ਵਰਕਰ ਜਨਤਾ ਦੀਆਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਜਨਤਾ ‘ਚ ਜਾਂਦਾ ਹੈ ਤਾਂ ਭਾਜਪਾ ਨੂੰ ਪੰਜਾਬ ਦੇ ਕਿਸੇ ਵੀ ਨਗਰ ਨਿਗਮ ਵਿੱਚ ਲੋਕ ਸੇਵਾ ਕਰਨ ਦਾ ਮੌਕਾ ਮਿਲ ਸਕਦਾ ਹੈ। ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਵਰਕਰ ਅਧਾਰਿਤ ਸੰਗਠਨ ਹੈ ਅਤੇ ਇਸ ਦੇ ਵਰਕਰ ‘ਸੇਵਾ ਹੀ ਸੰਗਠਨ’ ਰਾਹੀਂ ਜਨਤਾ ਦੀ ਸੇਵਾ ਵਿੱਚ ਦਿਨ-ਰਾਤ ਲੱਗੇ ਹੋਏ ਹਨ।
ਜੀਵਨ ਗੁਪਤਾ ਨੇ ਕਿਹਾ ਕਿ 6 ਅਪ੍ਰੈਲ 2022 ਨੂੰ ਭਾਰਤੀ ਜਨਤਾ ਪਾਰਟੀ ਦਾ 42ਵਾਂ ਸਥਾਪਨਾ ਦਿਵਸ ਹੈ ਅਤੇ ਹਰ ਭਾਜਪਾ ਵਰਕਰ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਾਰਟੀ ਦੇ ਸਥਾਪਨਾ ਦਿਵਸ ‘ਤੇ ਵਰਕਰ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਵਿਚ ਜ਼ਿਲ੍ਹਾ ਪੱਧਰ ਤੋਂ ਲੈ ਕੇ ਮੰਡਲ ਅਤੇ ਬੂਥ ਪੱਧਰ ਤੱਕ ਵੱਖ-ਵੱਖ ਪ੍ਰੋਗਰਾਮ ਉਲੀਕਣਗੇ। ਜੀਵਨ ਗੁਪਤਾ ਨੇ ਸਮੂਹ ਵਰਕਰਾਂ ਨੂੰ ਪਾਰਟੀ ਦੇ ਸਥਾਪਨਾ ਦਿਵਸ ਤੋਂ ਲੈ ਕੇ ਬਾਬਾ ਸਾਹਿਬ ਦੇ ਜਨਮ ਦਿਨ ਤੱਕ ਜਥੇਬੰਦੀ ਵੱਲੋਂ ਦਿੱਤੇ ਸਾਰੇ ਕੰਮਾਂ ਨੂੰ ਪੂਰੇ ਜੋਸ਼ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਸੱਦਾ ਦਿੱਤਾ।