ਜਗਰਾਉਂ, 24 ਸਤੰਬਰ 2022 – ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਕਸਬੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਨਕਾਬਪੋਸ਼ ਲੁਟੇਰੇ ਨੇ ਪਿਸਤੌਲ ਦੇ ਜ਼ੋਰ ‘ਤੇ ਇੱਕ ਵਪਾਰੀ ਨੂੰ ਲੁੱਟ ਲਿਆ। ਬਦਮਾਸ਼ ਫੈਕਟਰੀ ਅੰਦਰ ਦਾਖਲ ਹੋਇਆ ਅਤੇ ਮਾਲਕ ਵੱਲ ਪਿਸਤੌਲ ਤਾਣ ਕੇ ਉਸ ਨੂੰ ਨਕਦੀ ਅਤੇ ਗਹਿਣੇ ਦੇਣ ਲਈ ਕਿਹਾ।
ਬਲੁਟੇਰਾ ਨਕਦੀ ਅਤੇ ਹੀਰੇ ਦੀ ਅੰਗੂਠੀ ਲੁੱਟ ਕੇ ਫਰਾਰ ਹੋ ਗਿਆ। ਘਟਨਾ ਡਿਸਪੋਜ਼ਲ ਰੋਡ ‘ਤੇ ਸਥਿਤ ਚੱਢਾ ਸੂਰਜ ਫੀਡ ਫੈਕਟਰੀ ਦੀ ਹੈ। ਫੈਕਟਰੀ ਦੇ ਮਾਲਕ ਨੂੰ ਨਕਾਬਪੋਸ਼ ਲੁਟੇਰੇ ਨੇ ਪਿਸਤੌਲ ਦੀ ਨੋਕ ‘ਤੇ ਲੁੱਟ ਲਿਆ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਫੈਕਟਰੀ ਮਾਲਕ ਵਿਨੋਦ ਗਰਗ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਜਦੋਂ ਉਹ ਡਿਸਪੋਜ਼ਲ ਰੋਡ ’ਤੇ ਸਥਿਤ ਫੀਡ ਫੈਕਟਰੀ ’ਚ ਆਪਣੇ ਦਫਤਰ ’ਚ ਲੇਖਾਕਾਰ ਨਾਲ ਮੌਜੂਦ ਸੀ ਅਤੇ ਕਿਸੇ ਨਾਲ ਫੋਨ ’ਤੇ ਗੱਲ ਕਰ ਰਿਹਾ ਸੀ ਤਾਂ ਅਚਾਨਕ ਇਕ ਨਕਾਬਪੋਸ਼ ਨੌਜਵਾਨ ਦਫਤਰ ’ਚ ਦਾਖਲ ਹੋ ਗਿਆ। ਬਦਮਾਸ਼ ਨੇ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਵਿਨੋਦ ਗਰਗ ਅਨੁਸਾਰ ਉਸ ਨੇ ਘਬਰਾ ਕੇ ਆਪਣੀ ਜੇਬ ਵਿਚ ਪਏ ਕੁਝ ਪੈਸੇ ਬਦਮਾਸ਼ ਨੂੰ ਦੇ ਦਿੱਤੇ।
ਇਸ ਦੌਰਾਨ ਲੁਟੇਰਾ ਫੈਕਟਰੀ ਮਾਲਕ ਨੂੰ ਪਹਿਨੀ ਹੋਈ ਅੰਗੂਠੀ ਉਤਾਰਨ ਲਈ ਕਹਿਣ ਲੱਗਾ। ਮੁੰਦਰੀ ਹੀਰੇ ਦੀ ਸੀ, ਜਿਸ ਨੂੰ ਲੁਟੇਰਾ ਖੋਹ ਕੇ ਲੈ ਗਿਆ। ਜਦੋਂ ਲੁਟੇਰਾ ਫੈਕਟਰੀ ਦੇ ਬਾਹਰ ਜਾਣ ਲੱਗਾ ਤਾਂ ਫੈਕਟਰੀ ਮਾਲਕ ਅਤੇ ਉਸ ਦੀ ਫੈਕਟਰੀ ਦੇ ਕਰਮਚਾਰੀਆਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਫੜ ਨਹੀਂ ਸਕੇ ਕਿਉਂਕਿ ਉਸ ਦੇ ਹੱਥ ਵਿਚ ਪਿਸਤੌਲ ਸੀ। ਲੁਟੇਰਾ ਐਕਟਿਵਾ ‘ਤੇ ਸਵਾਰ ਹੋ ਕੇ ਆਇਆ ਸੀ, ਜੋ ਲੰਡੇ ਫਾਟਕਾਂ ਵੱਲ ਫਰਾਰ ਹੋ ਗਿਆ।
ਫੈਕਟਰੀ ਮਾਲਕ ਵਿਨੋਦ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਸਿਟੀ ਪੁਲੀਸ ਨੂੰ ਦਿੱਤੀ। ਡੀਐਸਪੀ ਸਿਟੀ ਸਤਵਿੰਦਰ ਸਿੰਘ ਵਿਰਕ ਅਤੇ ਥਾਣਾ ਸਦਰ ਦੇ ਇੰਚਾਰਜ ਸਤਪਾਲ ਸਿੰਘ ਪੁਲੀਸ ਮੁਲਾਜ਼ਮਾਂ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਵਿੱਚ ਜੁੱਟ ਗਏ। ਫੈਕਟਰੀ ਮਾਲਕ ਵਿਨੋਦ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਪੰਜਾਬ ਦਾ ਵਪਾਰੀ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਥਾਣਾ ਇੰਚਾਰਜ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਫੈਕਟਰੀ ‘ਚ ਲੱਗੇ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੀ ਹੈ ਤਾਂ ਜੋ ਫੈਕਟਰੀ ਮਾਲਕ ਵਿਨੋਦ ਗਰਗ ਨੂੰ ਲੁੱਟਣ ਵਾਲੇ ਨਕਾਬਪੋਸ਼ ਲੁਟੇਰੇ ਬਾਰੇ ਕੋਈ ਸੁਰਾਗ ਮਿਲ ਸਕੇ। ਮੁਲਜ਼ਮ ਸੀਸੀਟੀਵੀ ਵਿੱਚ ਨਜ਼ਰ ਆ ਗਿਆ ਹੈ ਅਤੇ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।