ਜੰਮੂ-ਕਸ਼ਮੀਰ, 26 ਅਗਸਤ 2025 – ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਤਬਾਹੀ ਮਚਾ ਰਿਹਾ ਹੈ, ਜਿਸ ਕਾਰਨ ਡੋਡਾ ਜ਼ਿਲ੍ਹੇ ਦੇ ਭਾਲੇਸ਼ਾ ਇਲਾਕੇ ਵਿੱਚ ਬੱਦਲ ਫਟ ਗਿਆ। ਇਸ ਘਟਨਾ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਇਸ ਸਮੇਂ ਜਿਹੜੇ ਲੋਕ ਵੈਸ਼ਨੋ ਦੇਵੀ ਦੇ ਦਰਬਾਰ ਜਾ ਰਹੇ ਹਨ, ਉਹਨਾਂ ਲਈ ਇਹ ਖ਼ਬਰ ਬਹੁਤ ਖ਼ਾਸ ਹੈ। ਕਿਉਂਕਿ ਮੌਸਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੈਸ਼ਨੋ ਦੇਵੀ ਯਾਤਰਾ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ, ਜਿਸ ਕਾਰਨ ਸੈਂਕੜੇ ਸ਼ਰਧਾਲੂ ਕਟੜਾ ਵਿੱਚ ਫਸੇ ਹੋਏ ਹਨ।
ਦੱਸ ਦੇਈਏ ਕਿ ਡੋਡਾ ਜ਼ਿਲ੍ਹੇ ਦੇ ਭਾਲੇਸ਼ਾ ਇਲਾਕੇ ਵਿੱਚ ਬੱਦਲ ਫਟਣ ਤੋਂ ਬਾਅਦ ਕਟੜਾ-ਸੰਗਰ ਰੇਲਵੇ ਸਟੇਸ਼ਨ ‘ਤੇ ਜ਼ਮੀਨ ਖਿਸਕਣ ਕਾਰਨ ਰੇਲ ਸੇਵਾ ਠੱਪ ਹੋ ਗਈ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਭਦਰਵਾਹ ਵਿੱਚ ਇਤਿਹਾਸਕ ਸ਼ਿਵ ਮੰਦਰ ਅਤੇ ਪਾਂਡੂ ਗੁਫਾ ਮੰਦਰ ਹੜ੍ਹ ਦੀ ਲਪੇਟ ਵਿੱਚ ਹਨ। ਮੌਸਮ ਦੀ ਸਥਿਤੀ ਜ਼ਿਆਦਾ ਖ਼ਰਾਬ ਹੋਣ ਕਾਰਨ ਮੰਦਰ ਦੇ ਪੁਜਾਰੀਆਂ ਅਤੇ ਹੋਰ ਮੈਂਬਰਾਂ ਨੂੰ ਸੁਰੱਖਿਅਤ ਥਾਂ ‘ਤੇ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਾਤਾ ਵੈਸ਼ਨੋ ਦੇਵੀ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਉਕਤ ਸਥਾਨ ‘ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ।

