- ਪੱਤਰਕਾਰਾਂ ਨਾਲ ਗੱਲ ਕਰਦੇ ਕਰਦੇ ਰੋ ਪਿਆ ਮੁੰਡੇ ਦਾ ਪਿਓ,ਪੁਲਿਸ ਨੇ ਕੀਤਾ ਦੋ ਖਿਲਾਫ ਮਾਮਲਾ ਦਰਜ
ਗੁਰਦਾਸਪੁਰ, 11 ਜਨਵਰੀ 2024 – ਵਿਦੇਸ਼ ਜਾਣ ਦੀ ਲਾਲਸਾ ਵਿੱਚ ਕਈ ਨੌਜਵਾਨ ਗਲਤ ਰਾਹ ਅਪਣਾ ਕੇ ਵਿਦੇਸ਼ ਜਾ ਰਹੇ ਹਨ।ਇੱਥੇ ਟਰੈਵਲ ਏਜੰਟਾਂ ਵੱਲੋਂ ਨੌਜਵਾਨਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਠਾਨਕੋਟ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਡੰਕੀ ਲਗਾ ਕੇ ਅਮਰੀਕਾ ਗਿਆ ਸੀ, ਜਿਸ ਤੋਂ ਬਾਅਦ ਉਹ ਪਨਾਮਾ ਦੇ ਜੰਗਲਾਂ ਵਿੱਚ ਗੁੰਮ ਹੋ ਗਿਆ ਅਤੇ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।ਉਸ ਨੇ ਪਿਛਲੇ ਮਹੀਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਖਰੀ ਵਾਰ ਗੱਲ ਕੀਤੀ ਸੀ, ਫਿਰ ਕੋਈ ਗੱਲਬਾਤ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਪਠਾਨਕਕੋਟ ਪੁਲਿਸ ਨੂੰ ਕੀਤੀ, ਜਿਸ ਕਾਰਨ ਪਠਾਨਕੋਟ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਨੌਜਵਾਨ ਦੇ ਲਾਪਤਾ ਹੋਣ ਕਾਰਨ ਉਸਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਘਰ ਦਾ ਮਾਹੌਲ ਇਨਾ ਗਮਗੀਨ ਹੈ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਰਦੇ ਨੌਜਵਾਨ ਦੇ ਪਿਤਾ ਜੋਗਿੰਦਰ ਸਿੰਘ ਫੁਟ ਫੁੱਟ ਕੇ ਰੋਣ ਲੱਗ ਪਏ।
ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਪੰਧੇਰ ਵਿਖੇ ਲਾਪਤਾ ਹੋਏ ਨੌਜਵਾਨ ਜਗਮੀਤ ਦੇ ਚਾਚੇ ਯਸ਼ਪਾਲ ਸਿੰਘ ਅਤੇ ਪਿਤਾ ਜੋਗਿੰਦਰ ਸਿੰਘ ਪਟਵਾਰੀ ਨੇ ਦੱਸਿਆ ਕਿ ਨੌਜਵਾਨ ਜਗਮੀਤ ਨੇ ਐਮ.ਬੀ.ਏ. ਕੀਤੀ ਹੋਈ ਸੀ ਅਤੇ ਅਮਰੀਕਾ ਜਾਣ ਲਈ ਜ਼ਿੱਦ ਤੇ ਅੜ ਗਿਆ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਏਜੈਂਟ ਨਾਲ ਜਗਮੀਤ ਨੂੰ ਅਮਰੀਕਾ ਭੇਜਣ ਲਈ ਸਾਢੇ 45 ਲੱਖ ਰੁਪਏ ਵਿੱਚ ਗੱਲ ਹੋਈ ਸੀ ਜਿਨਾਂ ਵਿੱਚੋਂ 15 ਲੱਖ ਰੁਪਏ ਉਹਨਾਂ ਵੱਲੋਂ ਐਡਵਾਂਸ ਵੀ ਦੇ ਦਿੱਤੇ ਗਏ ਸਨ। ਇਹ ਏਂਜੈਂਟ ਨੇ ਉਹਨਾਂ ਨਾਲ ਇਕਰਾਰ ਕੀਤਾ ਸੀ ਕਿ ਲੜਕੇ ਨੂੰ ਸਿੱਧੇ ਰਸਤੇ ਯਾਨੀ ਹਵਾਈ ਰਸਤੇ ਰਾਹੀਂ ਅਮਰੀਕਾ ਭੇਜਿਆ ਜਾਵੇਗਾ ਪਰ ਫਿਰ ਵੀ ਏਜੰਟ ਨੇ ਡੰਕੀ ਲਗਾ ਕੇ ਉਸ ਨੂੰ ਕੋਲੰਬੀਆ ਭੇਜ ਕੇ ਅੱਗੋਂ ਪਨਾਮਾ ਦੇ ਜੰਗਲਾਂ ਰਾਹੀ ਅਮਰੀਕਾ ਵੱਲ ਨੂੰ ਤੋਰ ਦਿੱਤਾ ਗਿਆ। ਜਗਮੀਤ ਪਨਾਮਾ ਦੇ ਜੰਗਲਾਂ ‘ਚ ਗੁੰਮ ਹੋ ਗਿਆ | ਪਿਛਲੇ ਲਗਭਗ 19 ਦਸੰਬਰ ਤੋਂ ਬਾਅਦ ਤੋਂ ਉਸਦੀ ਪਰਿਵਾਰਕ ਮੈਂਬਰਾਂ ਨਾਲ ਗੱਲ ਨਹੀਂ ਹੋਈ ਹੈ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪਠਾਨਕੋਟ ਪੁਲਿਸ ਨੂੰ ਕੀਤੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵਿਦੇਸ਼ ਜਾਣ ਲਈ ਧੋਖੇਬਾਜ਼ ਟਰੈਵਲ ਏਜੰਟਾਂ ਦੇ ਜਾਲ ਵਿੱਚ ਨਾ ਫਸਣ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨਾਲ ਨਾ ਖੇਡਣ। ਚੰਗੀ ਤਰ੍ਹਾਂ ਏਜੰਟ ਦੀ ਘੋਖ ਪੜਤਾਲ ਕਰਕੇ ਹੀ ਆਪਣੇ ਬੱਚਿਆਂ ਦੀ ਜ਼ਿੰਦਗੀ ਉਹਨਾਂ ਦੇ ਹੱਥ ਵਿੱਚ ਦਿਓ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਸਿਟੀ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕਿ ਇੱਕ ਨੌਜਵਾਨ ਨੂੰ ਟਰੈਵਲ ਏਜੰਟ ਵੱਲੋਂ ਧੋਖੇ ਨਾਲ ਡੰਕੀ ਲਗਾ ਕੇ ਅਮਰੀਕਾ ਲਈ ਭੇਜਿਆ ਗਿਆ ਹੈ ਅਤੇ ਇਹ ਨੌਜਵਾਨ ਪਨਾਮਾ ਦੇ ਜੰਗਲਾਂ ਵਿੱਚ ਗੁੰਮ ਹੋ ਗਿਆ ਹੈ। ਜਿਸ ਦਾ ਉਸਦੇ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਟੁੱਟ ਗਿਆ ਹੈ, ਜਿਸ ਕਾਰਨ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਸ਼ਿਕਾਇਤ ‘ਤੇ ਦੋ ਟਰੇਬਲ ਏਜੰਟਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।