ਚੰਡੀਗੜ੍ਹ, 14 ਮਾਰਚ 2024 – ਖਨੌਰੀ ਸਰਹੱਦ ‘ਤੇ ਕਿਸਾਨਾਂ ਅਤੇ ਅਰਧ ਸੈਨਿਕ ਬਲਾਂ ਵਿਚਾਲੇ ਹੋਈ ਝੜਪ ‘ਚ ਜ਼ਖਮੀ ਹੋਏ ਪ੍ਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ ਪੀਜੀਆਈ ਚੰਡੀਗੜ੍ਹ ਅਤੇ ਰੋਹਤਕ ਦੇ ਮੈਡੀਕਲ ਬੋਰਡ ਦੀ ਟੀਮ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਵਿੱਚ ਮੈਡੀਕਲ ਬੋਰਡ ਨੇ ਸਰੀਰਕ ਤਸ਼ੱਦਦ ਹੋਣ ਦੀ ਪੁਸ਼ਟੀ ਕੀਤਾ ਹੈ। ਜਿਸ ਤੋਂ ਬਾਅਦ ਹਾਈਕੋਰਟ ਨੇ ਵੀ ਸਖਤ ਕਦਮ ਚੁੱਕਦੇ ਹੋਏ ਪ੍ਰਿਤਪਾਲ ਸਿੰਘ ਦੇ ਬਿਆਨ ਦਰਜ ਕਰਨ ਲਈ ਕਿਹਾ ਹੈ।
ਦਰਅਸਲ 21 ਫਰਵਰੀ ਨੂੰ ਵਾਪਰੀ ਘਟਨਾ ਵਿੱਚ ਜ਼ਖਮੀ ਹੋਏ ਪ੍ਰਿਤਪਾਲ ਸਿੰਘ ਦੇ ਪਿਤਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਦੀ ਸੁਣਵਾਈ ਤੋਂ ਬਾਅਦ ਹਾਈਕੋਰਟ ਨੇ ਪੀਜੀਆਈ ਚੰਡੀਗੜ੍ਹ ਨੂੰ ਮੈਡੀਕਲ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਸੀ। ਮੈਡੀਕਲ ਰਿਪੋਰਟ ਵਿੱਚ ਡਾਕਟਰਾਂ ਨੇ ਬਲੌਂਟ ਦੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਹੈ। ਪੀਜੀਆਈ ਨੇ ਜਸਟਿਸ ਹਰਕੇਸ਼ ਮਨੂਜਾ ਦੇ ਬੈਂਚ ਨੂੰ ਸੌਂਪੀ ਰਿਪੋਰਟ ਵਿੱਚ ਇਹ ਰਾਏ ਜ਼ਾਹਰ ਕੀਤੀ ਹੈ ਕਿ ਸੱਟਾਂ ਕਰੀਬ ਦੋ ਹਫ਼ਤੇ ਪੁਰਾਣੀਆਂ ਹਨ।
ਚਾਰ ਸੱਟਾਂ ਗੰਭੀਰ ਸਨ ਅਤੇ ਬਾਕੀ ਸਾਧਾਰਨ ਅਤੇ ਕੁਦਰਤੀ ਸਨ। ਇੱਕ ਸੱਟ ਨੂੰ ਛੱਡ ਕੇ ਬਾਕੀ ਸਾਰੇ ਜ਼ਖਮ ਬਲ ਦੇ ਪ੍ਰਭਾਵ ਕਾਰਨ ਹੋਏ ਸਨ, ਜਿਸ ਕਾਰਨ ਇੱਕ ਡੂੰਘਾ ਜ਼ਖ਼ਮ ਹੋਇਆ ਸੀ।
ਰੋਹਤਕ ਅਤੇ ਚੰਡੀਗੜ੍ਹ ਪੀ.ਜੀ.ਆਈ.ਐਮ.ਈ.ਆਰ. ਵੱਲੋਂ ਗਠਿਤ ਮੈਡੀਕਲ ਅਫਸਰਾਂ ਦੇ ਬੋਰਡ ਵੱਲੋਂ ਦਾਇਰ ਰਿਪੋਰਟ ਦਾ ਨੋਟਿਸ ਲੈਂਦਿਆਂ ਜਸਟਿਸ ਮਨੂਜਾ ਨੇ ਕਿਹਾ ਕਿ ਪ੍ਰਿਤਪਾਲ ਸਿੰਘ ਦਾ ਬਿਆਨ ਦਰਜ ਕਰਨਾ ਉਚਿਤ ਹੋਵੇਗਾ। ਜਸਟਿਸ ਮਨੂਜਾ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਚੰਡੀਗੜ੍ਹ ਨੂੰ ਪ੍ਰਿਤਪਾਲ ਸਿੰਘ ਦੇ ਬਿਆਨ ਦਰਜ ਕਰਨ ਦੀ ਬੇਨਤੀ ਕੀਤੀ ਹੈ। ਉਸ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੂੰ ਪੀਜੀਆਈ ਚੰਡੀਗੜ੍ਹ ਦਾ ਦੌਰਾ ਕਰਨ ਅਤੇ ਇਲਾਜ ਕਰ ਰਹੇ ਡਾਕਟਰਾਂ ਤੋਂ ਇਜਾਜ਼ਤ ਲੈ ਕੇ ਪ੍ਰਿਤਪਾਲ ਸਿੰਘ ਦੇ ਬਿਆਨ ਦਰਜ ਕਰਨ ਦੀ ਮੰਗ ਕੀਤੀ ਹੈ। ਤਾਂ ਜੋ ਪ੍ਰਿਤਪਾਲ ਸਿੰਘ ਦੇ ਸੱਟਾਂ ਅਤੇ ਘਟਨਾਵਾਂ ਸਬੰਧੀ ਬਿਆਨ ਦਰਜ ਹੋ ਸਕਣ।
ਪਿਛਲੀ ਤਰੀਕ ਨੂੰ ਬੈਂਚ ਨੇ ਚੰਡੀਗੜ੍ਹ ਪੀਜੀਆਈ ਦੇ ਡਾਇਰੈਕਟਰ ਨੂੰ ਪ੍ਰਿਤਪਾਲ ਸਿੰਘ ਦੀਆਂ ਸੱਟਾਂ ਬਾਰੇ ਮੈਡੀਕਲ ਬੋਰਡ ਦਾ ਗਠਨ ਕਰਨ ਲਈ ਕਿਹਾ ਸੀ। ਪਿਤਾ ਨੇ ਖਨੌਰੀ ਬਾਰਡਰ ‘ਤੇ ਰੋਕੇ ਗਏ ਸ਼ਾਂਤਮਈ ਕਿਸਾਨਾਂ ਦੇ ਪ੍ਰਦਰਸ਼ਨ ਦਾ ਹਿੱਸਾ ਰਹੇ ਪ੍ਰਿਤਪਾਲ ਦੀ ਭਾਲ ਲਈ ਰੋਵਿੰਗ ਰਿੱਟ ਦੇ ਨਾਲ ਵਾਰੰਟ ਅਫਸਰ ਦੀ ਨਿਯੁਕਤੀ ਲਈ ਪਟੀਸ਼ਨ ਦਾਇਰ ਕੀਤੀ ਸੀ। ਜਿਸ ਦੀ ਸੁਣਵਾਈ ਦੌਰਾਨ ਇਹ ਹਦਾਇਤਾਂ ਦਿੱਤੀਆਂ ਗਈਆਂ।
ਜਸਟਿਸ ਮਨੂਜਾ ਦੀ ਬੈਂਚ ਅੱਗੇ ਪਾਈ ਪਟੀਸ਼ਨ ‘ਚ ਪੀੜਤ ਦੇ ਪਿਤਾ ਨੇ ਕਿਹਾ ਸੀ ਕਿ 21 ਫਰਵਰੀ ਦੀ ਦੁਪਹਿਰ ਨੂੰ ਹਰਿਆਣਾ ਪੁਲਿਸ ਨੇ ਉਸ ਦੇ ਪੁੱਤਰ ਅਤੇ ਹੋਰ ਵਿਅਕਤੀਆਂ ‘ਤੇ ਹਮਲਾ ਕਰਨ ਤੋਂ ਪਹਿਲਾਂ ਪੰਜਾਬ ਦੇ ਅੰਦਰ ਆ ਕੇ ਹਮਲਾ ਕੀਤਾ ਸੀ। ਪਟੀਸ਼ਨਰ ਨੇ ਦੋਸ਼ ਲਾਇਆ ਕਿ ਉਸ ਦੇ ਲੜਕੇ ਨੂੰ ਬੋਰੀ ਵਿੱਚ ਪਾ ਕੇ ਕੁੱਟਿਆ ਗਿਆ। ਹਮਲੇ ‘ਚ ਉਸ ਦੀਆਂ ਦੋਵੇਂ ਲੱਤਾਂ ਅਤੇ ਸਿਰ ‘ਤੇ ਸੱਟਾਂ ਲੱਗੀਆਂ ਹਨ।