ਮੀਤ ਹੇਅਰ ਵੱਲੋਂ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਮੋਹਾਲੀ ਨੂੰ ਬਾਹਰ ਕਰਨ ਦੀ ਕਰੜੀ ਨਿਖੇਧੀ

  • ਵਿਸ਼ਵ ਕੱਪ-2023 ਦੇ ਮੈਚਾਂ ਦੀ ਮੇਜ਼ਬਾਨੀ ਤੋਂ ਬਾਹਰ ਰੱਖਣਾ ਪੰਜਾਬ ਨਾਲ ਖੁੱਲੇਆਮ ਵਿਤਕਰੇਬਾਜ਼ੀ: ਮੀਤ ਹੇਅਰ
  • ਖੇਡ ਮੰਤਰੀ ਨੇ ਪਹਿਲੀ ਵਾਰ ਪੰਜਾਬ ਨੂੰ ਵਿਸ਼ਵ ਕੱਪ ਦੀ ਮੇਜ਼ਬਾਨ ਸੂਚੀ ਵਿੱਚੋਂ ਬਾਹਰ ਰੱਖਣ ਨੂੰ ਰਾਜਸੀ ਕਾਰਨਾਂ ਤੋਂ ਪ੍ਰੇਰਿਤ ਦੱਸਿਆ
  • ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਇਸ ਵਿਤਕਰੇਬਾਜ਼ੀ ਦਾ ਮੁੱਦਾ ਬੀਸੀਸੀਆਈ ਕੋਲ ਉਠਾਵੇਗੀ: ਮੀਤ ਹੇਅਰ

ਚੰਡੀਗੜ੍ਹ, 27 ਜੂਨ 2023 – ਇਸ ਸਾਲ ਅਕਤੂਬਰ-ਨਵੰਬਰ ਮਹੀਨੇ ਭਾਰਤ ਵਿੱਚ ਹੋਣ ਵਾਲੇ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ-2023 ਦੇ ਅੱਜ ਜਾਰੀ ਹੋਏ ਸ਼ਡਿਊਲ ਵਿੱਚ ਮੇਜ਼ਬਾਨੀ ਵਾਲੇ ਸ਼ਹਿਰਾਂ ਦੀ ਸੂਚੀ ਵਿੱਚੋਂ ਮੁਹਾਲੀ ਨੂੰ ਬਾਹਰ ਰੱਖਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਫ਼ੈਸਲੇ ਨੂੰ ਰਾਜਸੀ ਕਾਰਨਾਂ ਤੋਂ ਪ੍ਰੇਰਿਤ ਦੱਸਿਆ ਹੈ।

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਮੀਤ ਹੇਅਰ ਨੇ ਕਿਹਾ ਕਿ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਤੋਂ ਬਾਹਰ ਰੱਖਣਾ ਪੰਜਾਬ ਨਾਲ ਖੁੱਲ੍ਹੇਆਮ ਵਿਤਕਰੇਬਾਜ਼ੀ ਹੈ ਕਿਉਂਕਿ ਪੀਸੀਏ ਸਟੇਡੀਅਮ ਮੁਹਾਲੀ ਦੇ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਭਾਰਤ ਵਿੱਚ ਵਿਸ਼ਵ ਕੱਪ ਹੋ ਰਿਹਾ ਹੈ ਅਤੇ ਮੁਹਾਲੀ ਵਿਖੇ ਕੋਈ ਮੈਚ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 1996 ਅਤੇ 2011 ਵਿੱਚ ਮੁਹਾਲੀ ਵਿਖੇ ਵਿਸ਼ਵ ਕੱਪ ਦੇ ਸੈਮੀ ਫ਼ਾਈਨਲ ਖੇਡੇ ਗਏ ਜਦੋਂਕਿ ਇਸ ਵਾਰ ਇਕ ਲੀਗ ਮੈਚ ਦੀ ਵੀ ਮੇਜ਼ਬਾਨੀ ਨਹੀਂ ਮਿਲੀ। ਅਹਿਮਦਾਬਾਦ ਨੂੰ ਉਦਘਾਟਨੀ ਤੇ ਫ਼ਾਈਨਲ ਮੈਚ ਤੋਂ ਇਲਾਵਾ ਭਾਰਤ-ਪਾਕਿਸਤਾਨ ਮੈਚ ਦੀ ਮੇਜ਼ਬਾਨੀ ਵੀ ਮਿਲੀ ਹੈ।

ਮੀਤ ਹੇਅਰ ਨੇ ਕਿਹਾ ਕਿ ਪੀਸੀਏ ਸਟੇਡੀਅਮ ਮੁਹਾਲੀ ਨਾ ਸਿਰਫ ਭਾਰਤ ਦੇ ਪਹਿਲੇ ਪੰਜ ਸਟੇਡੀਅਮਾਂ ਵਿੱਚੋਂ ਇਕ ਹੈ ਬਲਕਿ ਦੁਨੀਆਂ ਦੇ ਚੋਣਵੇਂ ਸਟੇਡੀਅਮਾਂ ਦੀ ਸੂਚੀ ਵਿੱਚ ਆਉਂਦਾ ਹੈ। ਕ੍ਰਿਕਟ ਪ੍ਰੇਮੀਆਂ ਦੀ ਪਹਿਲੀ ਪਸੰਦ ਮੁਹਾਲੀ ਨੂੰ ਮੇਜ਼ਬਾਨ ਸੈਣੀ ਵਿੱਚ ਬਾਹਰ ਰੱਖਣਾ ਸਿਆਸਤ ਤੋਂ ਪ੍ਰੇਰਿਤ ਹੈ। ਪੰਜਾਬ ਨਾਲ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਇਸ ਵਿਤਕਰੇਬਾਜ਼ੀ ਦਾ ਮੁੱਦਾ ਬੀਸੀਸੀਆਈ ਕੋਲ ਉਠਾਵੇਗੀ।

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਮੁਹਾਲੀ ਵਿਖੇ ਜਿੱਥੇ ਕੌਮਾਂਤਰੀ ਹਵਾਈ ਅੱਡਾ ਹੈ ਉੱਥੇ ਸ਼ਹਿਰ ਵਿੱਚ ਬਿਹਤਰ ਬੁਨਿਆਦੀ ਢਾਂਚਾ ਅਤੇ ਟੀਮਾਂ ਦੇ ਰਹਿਣ ਲਈ ਲੋੜੀਂਦੇ ਹੋਟਲ ਵੀ ਹਨ।ਮੁਹਾਲੀ ਵਿਖੇ ਮੈਚ ਹੋਣ ਨਾਲ ਖੇਡ ਸੈਰ ਸਪਾਟਾ ਨੂੰ ਵੱਡਾ ਹੁਲਾਰਾ ਮਿਲਣਾ ਸੀ ਅਤੇ ਖੇਡਾਂ ਨਾਲ ਜੁੜੇ ਦੇਸ਼ ਵਿਦੇਸ਼ ਦੇ ਸੈਲਾਨੀਆਂ ਨੇ ਪੰਜਾਬ ਆਉਣਾ ਸੀ ਜਿਸ ਨਾਲ ਸੂਬੇ ਦੀ ਅਰਥ ਵਿਵਸਥਾ ਨੂੰ ਹੋਰ ਵੀ ਹੁਲਾਰਾ ਮਿਲਣਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਜਲਦ ਜਾਰੀ ਹੋਵੇਗਾ 8.2 ਕਰੋੜ ਰੁਪਏ ਦਾ ਮਾਣ ਭੱਤਾ: ਡਾ.ਬਲਜੀਤ ਕੌਰ

Toyota Hilux ਆਫ ਅਤੇ ਆਨ ਰੋਡ ਰੋਮਾਂਚਕ ਡਰਾਈਵ ਸ਼ੁਰੂ