- MLA ਕੁਲਵੰਤ ਸਿੰਘ ਸਕੱਤਰ
- ਸੁਨੀਲ ਗੁਪਤਾ ਖ਼ਜ਼ਾਨਚੀ ਨਿਯੁਕਤ
ਚੰਡੀਗੜ੍ਹ, 4 ਜੁਲਾਈ 2025 – ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਸਾਰੇ ਹੀ ਉਮੀਦਵਾਰ ਬਿਨਾਂ ਮੁਬਾਬਲੇ ਦੇ ਜੇਤੂ ਰਹੇ ਹਨ। ਅਮਰਜੀਤ ਮਹਿਤਾ ਮੁੜ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਹਨ ਤੇ ਦੀਪਕ ਬਾਲੀ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਬਿਨਾਂ ਵਿਧਾਇਕ ਕੁਲਵੰਤ ਸਿੰਘ ਸਕੱਤਰ ਤੇ ਸੁਨੀਲ ਗੁਪਤਾ ਖ਼ਜ਼ਾਨਚੀ ਚੁਣੇ ਗਏ ਹਨ।
ਦੱਸ ਦਈਏ ਕਿ ਪਹਿਲੀ ਵਾਰ, ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਪੰਜਾਬ ਵਿਰਾਸਤ ਅਤੇ ਸੈਰ-ਸਪਾਟਾ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਸਮੇਤ 2 ਆਪ ਆਗੂਆਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਦੀਆਂ ਆਉਣ ਵਾਲੀਆਂ ਚੋਣਾਂ ਲਈ ਕ੍ਰਮਵਾਰ ਸਕੱਤਰ ਅਤੇ ਉਪ-ਪ੍ਰਧਾਨ ਦੇ ਅਹੁਦੇ ਲਈ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ।
ਪੀ.ਸੀ.ਏ. ਦੇ ਮੌਜੂਦਾ ਪ੍ਰਧਾਨ ਅਮਰਜੀਤ ਸਿੰਘ ਮਹਿਤਾ, ਜਿਨ੍ਹਾਂ ਦੇ ਪੁੱਤਰ ਪਦਮਜੀਤ ਮਹਿਤਾ ਵੀ ‘ਆਪ’ ਆਗੂ ਹਨ, ਨੇ ਪੀ.ਸੀ.ਏ. ਪ੍ਰਧਾਨ ਦੇ ਅਹੁਦੇ ਲਈ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ। ਸੁਨੀਲ ਗੁਪਤਾ, ਜੋ ਕਿ ਐਸੋਸੀਏਸ਼ਨ ਦੇ ਮੌਜੂਦਾ ਖਜ਼ਾਨਚੀ ਹਨ ਅਤੇ ਇਸ ਸਮੇਂ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ-ਚੇਅਰਮੈਨ ਹਨ, ਨੇ ਵੀ ਦੁਬਾਰਾ ਪੀ.ਸੀ.ਏ. ਖਜ਼ਾਨਚੀ ਵਜੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ।

