- SGPC ਪ੍ਰਧਾਨ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬ ਇਤਿਹਾਸ ਅਧਿਐਨ ਵਿਭਾਗ ਅਤੇ ਇਤਿਹਾਸ ਵਿਭਾਗ ਦਾ ਰਲੇਵਾਂ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ
- ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੋ ਵਿਭਾਗਾਂ ਨੂੰ ਰਲਾਉਣ ਵਾਲੇ ਫੈਸਲੇ ’ਤੇ ਰੋਕ ਲਗਾਉਣ ਦੀ ਕੀਤੀ ਮੰਗ
ਅੰਮ੍ਰਿਤਸਰ, 5 ਅਪ੍ਰੈਲ 2022 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬ ਇਤਿਹਾਸ ਅਧਿਐਨ ਵਿਭਾਗ ਅਤੇ ਇਤਿਹਾਸ ਵਿਭਾਗ ਦਾ ਰਲੇਵਾਂ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਫੈਸਲੇ ਨੂੰ ਮੁੜ ਵਿਚਾਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸਿੰਡੀਕੇਟ ਦੀ ਮੀਟਿੰਗ ਵਿਚ ਇਨ੍ਹਾਂ ਦੋਹਾਂ ਵਿਭਾਗਾਂ ਨੂੰ ਇਕ ਕਰਨ ਦਾ ਫੈਸਲਾ ਤਰਕਸੰਗਤ ਨਹੀਂ ਹੈ ਅਤੇ ਇਸ ਫੈਸਲੇ ਨਾਲ ਖੋਜ ਦੀਆਂ ਵਸੀਹ ਸੰਭਾਵਨਾਵਾਂ ਸੀਮਤ ਹੋ ਜਾਣਗੀਆਂ ਅਤੇ ਖਾਸ ਕਰਕੇ ਸਿੱਖ ਇਤਿਹਾਸਕਾਰ ਡਾ. ਗੰਡਾ ਸਿੰਘ ਦੀ ਨਿਸ਼ਾਨੀ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੀ ਹੋਂਦ ਖ਼ਤਮ ਕਰਕੇ ਹੋਰ ਵਿਭਾਗ ਵਿਚ ਰਲਾਉਣਾ ਸਿੱਖ ਵਿਰਾਸਤ ਨੂੰ ਤਬਾਹ ਕਰਨ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਸਿੱਖਾਂ ਦਾ ਇਤਿਹਾਸ ਹੈ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਬਿਨਾਂ ਇਸ ਖਿੱਤੇ ਦੇ ਇਤਿਹਾਸ ਦੀਆਂ ਖੋਜ ਤਰਜ਼ੀਹਾਂ ਸੰਭਵ ਨਹੀਂ ਰਹਿ ਜਾਣਗੀਆਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਪ੍ਰਭਾਵਿਤ ਕਰਨ ਵਾਲਾ ਹੈ, ਜਿਸ ਨੂੰ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ।
ਐਡਵੋਕੇਟ ਧਾਮੀ ਨੇ ਆਖਿਆ ਕਿ ਯੂਨੀਵਰਸਿਟੀਆਂ ਵੱਲੋਂ ਖੋਜ ਕਾਰਜਾਂ ਨੂੰ ਹੋਰ ਪ੍ਰਚੰਡ ਕਰਨ ਲਈ ਨਵੇਂ ਵਿਭਾਗ ਸਥਾਪਤ ਕਰਨ ਦੀ ਥਾਂ ਪਹਿਲਾਂ ਚੱਲ ਰਹੇ ਵਿਭਾਗਾਂ ਖ਼ਤਮ ਕਰਨ ਦਾ ਫੈਸਲਾ ਹੈਰਾਨੀਜਨਕ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਇਤਿਹਾਸ, ਵਿਰਾਸਤ, ਇਥੋਂ ਦੀ ਧਾਰਮਿਕਤਾ, ਮਨੁੱਖੀ ਭਾਈਚਾਰੇ ਦਾ ਸੁਨੇਹਾ, ਦੇਸ਼ ਲਈ ਪੰਜਾਬੀਆਂ ਅਤੇ ਖ਼ਾਸਕਰ ਸਿੱਖਾਂ ਵੱਲੋਂ ਪਾਏ ਯੋਗਦਾਨ ਆਦਿ ਪਹਿਲੂਆਂ ਦੀ ਮੁਕੰਮਲ ਖੋਜ ਲਈ ਤੇਜ਼ੀ ਲਿਆਉਣਾ ਸਮੇਂ ਦੀ ਵੱਡੀ ਲੋੜ ਹੈ ਅਤੇ ਅਜਿਹਾ ਤਾਂ ਹੀ ਸੰਭਵ ਹੈ, ਜੇਕਰ ਇਨ੍ਹਾਂ ਖੋਜਾਂ ਨਾਲ ਸਬੰਧਤ ਸਾਰੇ ਵਿਭਾਗ ਗਤੀਸ਼ੀਲ ਰਹਿਣ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿਭਾਗਾਂ ਦਾ ਰਲੇਵਾਂ ਕਰਨ ਵਾਲੇ ਫੈਸਲੇ ’ਤੇ ਮੁੜ ਵਿਚਾਰ ਕਰਕੇ ਇਤਿਹਾਸ ਦੀ ਸੰਭਾਲ ਦੇ ਨਾਲ-ਨਾਲ ਇਤਿਹਾਸਕ ਵਿਭਾਗਾਂ ਦੀ ਹੋਂਦ ਨੂੰ ਬਣਾਈ ਰੱਖਣਾ ਚਾਹੀਦਾ ਹੈ।