ਅੰਮ੍ਰਿਤਸਰ, 20 ਮਈ 2022 – ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 19 ਮਈ ਦੀ ਸ਼ਾਮ ਨੂੰ ਅੰਮ੍ਰਿਤਸਰ ਬੱਸ ਅੱਡੇ ਉਤੇ ਪਹੁੰਚ ਕੇ ਇੱਥੇ ਬੈਠੇ ਮਿੰਨੀ ਬੱਸ ਅਪਰੇਟਰਾਂ ਦੀ ਹੜਤਾਲ ਖਤਮ ਕਰਵਾਈ। ਉਨਾਂ ਬੱਸ ਮਾਲਕਾਂ ਨਾਲ ਕੀਤੀ ਗੱਲਬਾਤ ਵਿੱਚ ਸਪੱਸ਼ਟ ਕੀਤਾ ਕਿ ਤੁਹਾਡੀਆਂ ਬੱਸਾਂ ਦੇ ਪਰਮਿਟ ਹਾਈਕੋਰਟ ਨੇ ਰੱਦ ਕੀਤੇ ਹਨ ਅਤੇ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਕੋਈ ਰਾਹਤ ਨਹੀਂ ਦਿੱਤੀ, ਸੋ ਅਜਿਹੇ ਵਿਚ ਸਰਕਾਰ ਵੱਲੋਂ ਪਰਮਿਟ ਬਹਾਲ ਕਰਨਾ ਮੁਮਕਿਨ ਨਹੀਂ ਹੈ।
ਉਨਾਂ ਬੱਸ ਮਾਲਕਾਂ ਨੂੰ ਭਰੋਸਾ ਦਿੱਤਾ ਕਿ ਫਿਰ ਵੀ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਅਤੇ ਮੈਂ ਖੁਦ ਚਾਹੁੰਦਾ ਹਾਂ ਕਿ ਤਹਾਡਾ ਰੋਜ਼ਗਾਰ ਪਭਾਵਿਤ ਨਾ ਹੋਵੇ ਅਤੇ ਤੁਸੀਂ ਆਮ ਦੀ ਤਰਾਂ ਲੋਕਾਂ ਦੀ ਸੇਵਾ ਕਰਦੇ ਰਹੋ। ਉਨਾਂ ਕਿਹਾ ਕਿ ਉਹ ਤੁਹਾਡੀਆਂ ਮੰਗਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਗੰਭੀਰਤਾ ਨਾਲ ਵਿਚਾਰਨਗੇ ਅਤੇ ਇਸ ਬਾਬਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਵੀ ਵਿਚਾਰ ਚਰਚਾ ਕਰਨਗੇ। ਜਿਸ ਤਰਾਂ ਵੀ ਸੰਭਵ ਹੋੋਇਆ ਤੁਹਾਡੀ ਸਹਾਇਤਾ ਕੀਤੀ ਜਾਵੇਗੀ। ਬੱਸ ਮਾਲਕਾਂ ਨੇ ਮੰਤਰੀ ਦੇ ਭਰੋਸੇ ਮਗਰੋਂ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਅਤੇ ਕੈਬਨਿਟ ਮੰਤਰੀ ਵੱਲੋਂ ਵਿਖਾਈ ਸੁਹਿਰਦਤਾ ਲਈ ਧੰਨਵਾਦ ਕੀਤਾ।