- ਵਾਤਾਵਰਣ ਦੀ ਸਾਂਭ ਸੰਭਾਲ ਅਤੇ ਸ਼ੁੱਧਤਾ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਅਹਿਮ ਉਪਰਾਲਾ-ਡਿਪਟੀ ਕਮਿਸ਼ਨਰ
ਮਾਨਸਾ, 15 ਦਸੰਬਰ 2022 : ਬਲਾਕ ਭੀਖੀ ਦੇ ਪਿੰਡ ਧਲੇਵਾਂ ਵਿਖੇ ਮਗਨਰੇਗਾ ਸਕੀਮ ਅਧੀਨ ਲਗਭਗ 7 ਏਕੜ ਖਾਲੀ ਪਈ ਪੰਚਾਇਤੀ ਜਮੀਨ ਵਿੱਚ ਇੱਕ ਮਿੰਨੀ ਜੰਗਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਤਕਰੀਬਨ 47 ਕਿਸਮਾਂ ਦੇ 6500 ਪੌਦੇ ਲਗਾਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਸੁੰਦਰਤਾ ਲਈ ਮਗਨਰੇਗਾ ਅਧੀਨ ਅਜਿਹੇ ਕਾਰਜ ਕੀਤੇ ਜਾ ਰਹੇ ਹਨ। ਇਹ ਜੰਗਲ ਬਨਣ ਨਾਲ ਜਿੱਥੇ ਮਗਨਰੇਗਾ ਸਕੀਮ ਅਧੀਨ ਲੇਬਰ ਨੂੰ ਕੰਮ ਮਿਲਿਆ ਹੈ, ਉੱਥੇ ਹੀ ਇਹ ਪੌਦੇ ਵਾਤਾਵਰਣ ਨੂੰ ਸ਼ੁੱਧ ਕਰਨ ਵੀ ਵਿੱਚ ਵੀ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਇਹ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਅਹਿਮ ਉਪਰਾਲਾ ਹੈ।
ਉਨ੍ਹਾਂ ਦੱਸਿਆ ਕਿ ਇਸ ਮਿੰਨੀ ਜੰਗਲ ਵਿੱਚ ਸੈਰ ਕਰਨ ਲਈ ਪਾਥ ਵੀ ਬਣਾਇਆ ਗਿਆ ਹੈ। ਮਿੰਨੀ ਜੰਗਲ ਵਿਚ ਲਗਾਏ ਗਏ ਪੌਦੇ ਜੰਗਲਾਤ ਵਿਭਾਗ ਅਤੇ ਰਾਉਂਡਗਲਾਸ ਫਾਊਂਡੇਸ਼ਨ ਵੱਲੋਂ ਮੁਹੱਈਆ ਕਰਵਾਏ ਗਏ ਹਨ। ਇਸ ਕੰਮ ’ਤੇ ਕੁੱਲ 3.09 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ 1089 ਦਿਹਾੜੀਆਂ ਮਗਨਰੇਗਾ ਸਕੀਮ ਅਧੀਨ ਪੈਦਾ ਕੀਤੀਆਂ ਜਾ ਚੁੱਕੀਆਂ ਹਨ। ਇਸ ਕਾਰਜ ਵਿਚ ਪਿੰਡ ਦੇ ਲੋਕਾਂ, ਐਨ.ਐਸ.ਐਸ. ਵਲੰਟੀਅਰਾਂ ਅਤੇ ਯੂਥ ਕਲਬਾਂ ਦੀ ਵੀ ਸ਼ਮੂਲੀਅਤ ਕਰਵਾਈ ਗਈ ਹੈ ਤਾਂ ਜੋ ਕੁਦਰਤ ਦੀ ਸੁੰਦਰਤਾ ਅਤੇ ਮਹੱਤਤਾ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ, ਯੂਥ ਕਲੱਬਾਂ ਨੂੰ ਪੌਦੇ ਲਗਾਉਣ ਅਤੇ ਪੌਦਿਆਂ ਦੀ ਸਾਂਭ ਸੰਭਾਲ ਲਈ ਜਾਗਰੂਕ ਕੀਤਾ ਗਿਆ ਅਤੇ ਇਨ੍ਹਾਂ ਦੇ ਰੱਖ ਰਖਾਵ ਲਈ ਵੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਣੀ ਦੀ ਸਾਂਭ ਸੰਭਾਲ ਲਈ ਪਿੰਡ ਵਿੱਚ ਛੱਪੜ ਦਾ ਕੰਮ ਵੀ ਗ੍ਰਾਮ ਪੰਚਾਇਤ ਵੱਲੋਂ ਕਰਵਾਇਆ ਜਾ ਰਿਹਾ ਹੈ ਤਾਂ ਜੋ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾ ਸਕੇ।