ਪਠਾਨਕੋਟ, 20 ਜੁਲਾਈ 2024 – ਪਠਾਨਕੋਟ ਦੇ ਨਾਲ ਲੱਗਦੇ ਜੰਮੂ-ਕਸ਼ਮੀਰ ਅਤੇ ਹਿਮਾਚਲ ਤੋਂ ਬਿਨਾਂ ਦਸਤਾਵੇਜ਼ਾਂ ਤੋਂ ਰੇਤਾ-ਬੱਜਰੀ ਦਾ ਨਾਜਾਇਜ਼ ਧੰਦਾ ਲਗਾਤਾਰ ਜਾਰੀ ਹੈ। ਜਿਸ ਤਹਿਤ ਪਠਾਨਕੋਟ ਵਿੱਚ ਮਾਈਨਿੰਗ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਮਾਈਨਿੰਗ ਵਿਭਾਗ ਨੇ ਹਿਮਾਚਲ ਅਤੇ ਜੰਮੂ-ਕਸ਼ਮੀਰ ਤੋਂ ਪੰਜਾਬ ਵਿੱਚ ਦਾਖਲ ਹੋਏ ਰੇਤ ਅਤੇ ਬਜਰੀ ਨਾਲ ਲੱਦੇ 9 ਗੈਰ-ਕਾਨੂੰਨੀ ਵਾਹਨ ਜ਼ਬਤ ਕੀਤੇ ਹਨ। ਇੱਕ ਟਰੈਕਟਰ ਟਰਾਲੀ ਵੀ ਜ਼ਬਤ ਕੀਤੀ ਗਈ ਹੈ।
ਰੇਤਾ-ਬੱਜਰੀ ਨਾਲ ਸਬੰਧਤ ਦਸਤਾਵੇਜ਼ ਪੂਰੇ ਨਾ ਪਾਏ ਜਾਣ ਕਾਰਨ ਇਹ ਵਾਹਨ ਜ਼ਬਤ ਕੀਤੇ ਗਏ ਹਨ। ਜਿਸ ਦੇ ਤਹਿਤ ਮਾਈਨਿੰਗ ਵਿਭਾਗ ਨੇ ਇਨ੍ਹਾਂ ਖਿਲਾਫ ਕਾਰਵਾਈ ਕਰਦੇ ਹੋਏ ਲੱਖਾਂ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਮਾਈਨਿੰਗ ਵਿਭਾਗ ਦੇ ਅਧਿਕਾਰੀ ਆਕਾਸ਼ ਅਗਰਵਾਲ ਨੇ ਦੱਸਿਆ ਕਿ ਸਰਕਾਰੀ ਨਿਯਮਾਂ ਅਨੁਸਾਰ ਹਰੇਕ ਵਾਹਨ ਤੋਂ 2 ਲੱਖ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਕੁੱਲ 9 ਵਾਹਨਾਂ ਤੋਂ ਜੁਰਮਾਨੇ ਵਜੋਂ 18 ਲੱਖ ਰੁਪਏ ਅਤੇ ਟਰੈਕਟਰ ਟਰਾਲੀ ਤੋਂ 1 ਲੱਖ ਰੁਪਏ ਵਸੂਲੇ ਜਾਣਗੇ।
ਉਨ੍ਹਾਂ ਦੱਸਿਆ ਕਿ ਕੁੱਲ 19 ਲੱਖ ਰੁਪਏ ਸਰਕਾਰ ਦੇ ਖਾਤੇ ਵਿੱਚ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਦੂਜੇ ਰਾਜਾਂ ਤੋਂ ਆਉਣ ਵਾਲੇ ਗੈਰ-ਕਾਨੂੰਨੀ ਰੇਤਾ-ਬੱਜਰੀ ਵਾਹਨਾਂ ਵਿਰੁੱਧ ਕਾਰਵਾਈ ਜਾਰੀ ਰਹੇਗੀ।