ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਫੀਲਡ ਅਧਿਕਾਰੀਆਂ ਨੂੰ ਮੀਂਹ ਕਾਰਣ ਫਸਲਾਂ ਦੇ ਖਰਾਬੇ ਦੇ ਅਸਲ ਅੰਕੜੇ ਜਲਦ ਪੇਸ਼ ਕਰਨ ਦੇ ਹੁਕਮ

  • ਨਕਲੀ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਸ਼ਿਕਾਇਤ ਲਈ ਵੱਖਰਾ ਨੰਬਰ ਜਲਦ ਹੋਵੇਗਾ ਸ਼ੁਰੂ
  • ਨਰਮੇ ਦਾ ਏਰੀਆ ਵਧਾਉਣ ਦੀਆਂ ਹਦਾਇਤਾਂ, 33 ਫੀਸਦੀ ਸਬਸਿਡੀ ‘ਤੇ ਮਿਲੇਗਾ ਨਰਮੇ ਦਾ ਬੀਜ

ਚੰਡੀਗੜ੍ਹ, 30 ਮਾਰਚ 2023 – ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੇਤੀ ਵਿਭਾਗ ਦੇ ਸਾਰੇ ਫੀਲਡ ਅਧਿਕਾਰੀਆਂ ਨੂੰ ਬੀਤੇ ਦਿਨੀਂ ਮੀਂਹ ਕਾਰਣ ਖਰਾਬ ਹੋਈਆਂ ਫਸਲਾਂ ਦੇ ਅਸਲ ਅੰਕੜੇ ਜਲਦ ਤੋਂ ਜਲਦ ਭੇਜਣ ਦੇ ਹੁਕਮ ਦਿੱਤੇ ਹਨ। ਪੰਜਾਬ ਭਵਨ ਵਿਖੇ ਖੇਤੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਮੁੱਖ ਖੇਤੀਬਾੜੀ ਅਫਸਰਾਂ ਨਾਲ ਮੀਟਿੰਗ ਦੌਰਾਨ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਫਸਲਾਂ ਦੇ ਖਰਾਬੇ ਦਾ ਮੁਆਵਜ਼ਾਂ ਵਿਸਾਖੀ ਦੇ ਆਸ-ਪਾਸ ਦੇਣਾ ਸ਼ੁਰੂ ਕਰ ਦਿੱਤਾ ਜਾਵੇਗਾ, ਇਸ ਲਈ ਮੁੱਖ ਖੇਤੀਬਾੜੀ ਅਫਸਰ ਖਰਾਬੇ ਦੀ ਅਸਲ ਤਸਵੀਰ ਸੂਬਾ ਸਰਕਾਰ ਸਾਹਮਣੇ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਅਸਲ ਅੰਕੜੇ ਸਿਫਾਰਸ਼ ਰਹਿਤ ਅਤੇ ਕਿਸਾਨਾਂ ਨੂੰ ਖੱਜਲ-ਖੁਆਰ ਕੀਤੇ ਬਿਨਾਂ ਜਲਦ ਭੇਜਣੇ ਯਕੀਨੀ ਬਣਾਏ ਜਾਣ।

ਇਸ ਮੌਕੇ ਧਾਲੀਵਾਲ ਨੇ ਨਕਲੀ ਖਾਦਾਂ ਅਤੇ ਨਕਲੀ ਕੀਟਨਾਸ਼ਕ ਦਵਾਈਆਂ ਬਾਰੇ ਗੰਭੀਰ ਨੋਟਿਸ ਲੈਂਦਿਆਂ ਐਲਾਨ ਕੀਤਾ ਕਿ ਜਲਦ ਹੀ ਕਿਸਾਨਾਂ ਦੀ ਸਹੂਲਤ ਲਈ ਇਕ ਵੱਖਰਾ ਸ਼ਿਕਾਇਤ ਨੰਬਰ ਜਾਰੀ ਕੀਤਾ ਜਾਵੇਗਾ, ਜਿੱਥੇ ਉਹ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਣਗੇ। ਅਜਿਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਸਮਾਂਬੱਧ ਤਰੀਕੇ ਨਾਲ ਕਰਨ ਲਈ ਉਨ੍ਹਾਂ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਕਿਸੇ ਵੀ ਕੀਮਤ ‘ਤੇ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੇ ਮਿਆਰੀ ਬੀਜ ਖਰੀਦਣ ਲਈ ਜਾਗਰੂਕ ਕੀਤਾ ਜਾਵੇ ਜੋ ਕਿ ਕੁਦਰਤੀ ਆਫਤਾਂ ਦੀ ਮਾਰ ਝੱਲ ਸਕਣ ਦੀ ਸਮਰੱਥਾ ਰੱਖਦੇ ਹੋਣ।

ਧਾਲੀਵਾਲ ਨੇ ਆਗਾਮੀ ਕਣਕ ਦੇ ਖਰੀਦ ਸੀਜਨ ਲਈ ਵੀ ਅਧਿਕਾਰੀਆਂ ਨੂੰ ਖਾਸ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਾੜ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਇਹ ਵੀ ਸੁਨਿਸ਼ਚਿਤ ਕੀਤਾ ਜਾਵੇ ਕਿ ਤੂੜੀ ਦੀ ਵਰਤੋਂ ਚਾਰੇ ਲਈ ਹੀ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਲਈ ਜਾਗਰੂਕ ਕੈਂਪ ਲਗਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਨਰਮੇ ਦਾ ਏਰੀਆ ਵਧਾਉਣ ਲਈ ਪੰਜਾਬ ਸਰਕਾਰ ਗੰਭੀਰ ਯਤਨ ਕਰ ਰਹੀ ਹੈ ਅਤੇ ਨਰਮਾ ਪੱਟੀ ਦੇ ਕਿਸਾਨਾਂ ਨੂੰ 33 ਫੀਸਦੀ ਸਬਸਿਡੀ ‘ਤੇ ਬੀਜ ਦਿੱਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਬਸਿਡੀ ‘ਤੇ ਬੀਜ ਖਰੀਦਣ ਅਤੇ ਨਰਮਾ ਲਗਾਉਣ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ਨਰਮਾ ਪੱਟੀ ਦੇ ਕਿਸਾਨਾਂ ਨੂੰ ਸਮੇਂ ਸਿਰ ਪਾਣੀ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਖੇਤੀਬਾੜੀ ਮੰਤਰੀ ਨੇ ਹਦਾਇਤ ਦਿੱਤੀ ਕਿ ਘੱਟ ਸਮਾਂ ਅਤੇ ਘੱਟ ਪਾਣੀ ਲੈਣ ਵਾਲੀ ਝੋਨੇ ਦੀ ਪੀਆਰ 126 ਕਿਸਮ ਦੇ ਬੀਜਾਂ ਨੂੰ ਲਾਉਣ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦੀ ਪੀਆਰ 126 ਕਿਸਮ ਅਧੀਨ ਇਸ ਸਾਲ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਫੀਲਡ ਅਧਿਕਾਰੀ ਹੁਣ ਤੋਂ ਹੀ ਕੋਸ਼ਿਸ਼ਾਂ ਤੇਜ਼ ਕਰ ਦੇਣ। ਉਨ੍ਹਾਂ ਕਿਹਾ ਕਿ ਜਿਹੜੇ ਇਲਾਕੇ ਝੋਨੇ ਦੀ ਸਿੱਧੀ ਬਿਜਾਈ ਲਈ ਜ਼ਿਆਦਾ ਅਨੁਕੂਲ ਹਨ, ਅਧਿਕਾਰੀ ਉਨ੍ਹਾਂ ਇਲਾਕਿਆਂ ਦੀ ਚੋਣ ਕਰਨ ਅਤੇ ਉੱਥੋਂ ਦੇ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ।

ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਅਤੇ ਆਰਥਿਕਤਾ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬੇ ਦੀ ਖੇਤੀ ਨੀਤੀ ਤਿਆਰ ਕੀਤੀ ਜਾ ਰਹੀ ਹੈ। ਇਸ ਮਕਸਦ ਲਈ ਆਮ ਲੋਕਾਂ ਤੋਂ ਸੁਝਾਅ ਮੰਗੇ ਗਏ ਹਨ। ਉਨ੍ਹਾਂ ਫੀਲਡ ਅਫਸਰਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿਚ ਕੋਈ ਸਫਲ ਜਾਂ ਪ੍ਰੋਗਰੈਸਿਵ ਕਿਸਾਨ ਹੈ ਤਾਂ ਉਸ ਤੋਂ ਸੁਝਾਅ ਭਿਜਵਾਏ ਜਾਣ।

ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਨੀਤੀ ਦਾ ਖਾਸ ਜ਼ਿਕਰ ਕਰਦਿਆਂ ਕਿਹਾ ਕਿ ਕਿਸੇ ਵੀ ਭ੍ਰਿਸ਼ਟ ਜਾਂ ਰਿਸ਼ਵਤਖੋਰ ਅਧਿਕਾਰੀ ਜਾਂ ਕਰਮਚਾਰੀ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਭਲਾਈ ਹਰੇਕ ਅਧਿਕਾਰੀ ਤੇ ਕਰਮਚਾਰੀ ਦੀ ਪਹਿਲ ਹੋਣੀ ਚਾਹੀਦੀ ਹੈ। ਇਸ ਮੌਕੇ ਖੇਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਸੁਮੇਰ ਸਿੰਘ ਗੁਰਜਰ, ਡਾਇਰੈਕਟਰ ਗੁਰਵਿੰਦਰ ਸਿੰਘ, ਸਾਰੇ ਜ਼ਿਲਿ੍ਹਆਂ ਦੇ ਮੁੱਖ ਖੇਤੀਬਾੜੀ ਅਫਸਰ ਅਤੇ ਮੁੱਖ ਦਫਤਰ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

1 ਅਪ੍ਰੈਲ ਤੋਂ ਕੇਂਦਰ ਸਰਕਾਰ ਟੈਕਸ ਦੇਣ ਵਾਲਿਆਂ ਨੂੰ ਦੇਣ ਜਾ ਰਹੀ ਹੈ ਇਹ ਵੱਡੀ ਰਾਹਤ

ਪੰਜਾਬ ਸਰਕਾਰ ਦਾ ਫ਼ਸਲੀ ਵਿਭਿੰਨਤਾ ‘ਤੇ ਜ਼ੋਰ: CM ਮਾਨ ਨੇ ਨਰਮੇ-ਕਪਾਹ ਹੇਠ ਰਕਬਾ ਵਧਾਉਣ ਦਾ ਕੀਤਾ ਦਾਅਵਾ