- ਤਲਾਸ਼ੀ ਲੈਣ ‘ਤੇ ਹੋਇਆ ਚਿੱਟਾ ਬਰਾਮਦ
- ਰਾਮਪੁਰਾ ਦਾ ਰਹਿਣ ਵਾਲਾ ਹੈ ਮੁਲਜ਼ਮ
ਬਠਿੰਡਾ, 9 ਦਸੰਬਰ 2023 – ਬਠਿੰਡਾ ਦੇ ਲਹਿਰਾ ਮੁਹੱਬਤ ਇਲਾਕੇ ‘ਚ ਕਰਿਆਨੇ ਦੀਆਂ ਦੁਕਾਨਾਂ ‘ਤੇ ਸ਼ਰੇਆਮ ਨਸ਼ੇ ਵਿਕ ਰਹੇ ਹਨ। ਦੋਸ਼ ਹਨ ਕਿ ਦੁਕਾਨ ਮਾਲਕ ਨਾਬਾਲਗ ਬੱਚੇ ਨੂੰ ਚਿੱਟਾ ਵੇਚਣ ਲਈ ਵਰਤ ਰਿਹਾ ਹੈ। ਕਰਿਆਨੇ ਦੀ ਦੁਕਾਨ ਦੇ ਮਾਲਕ ਦਾ ਨਾਂ ਮੰਗਤ ਰਾਏ ਹੈ, ਜੋ ਰਾਮਪੁਰਾ ਦਾ ਰਹਿਣ ਵਾਲਾ ਹੈ। ਲੋਕਾਂ ਨੇ ਇਸ ਦੁਕਾਨ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਪੁਲੀਸ ਨੇ ਦੁਕਾਨ ’ਚੋਂ 2.15 ਮਿਲੀਲੀਟਰ ਚਿਟਾ ਬਰਾਮਦ ਕੀਤਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਕਰਿਆਨੇ ਦੀ ਦੁਕਾਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਤੋਲਣ ਵਾਲੀ ਪੱਟੀ ‘ਚ ਕੁਝ ਪਾਊਡਰ ਹੈ। ਲੋਕ ਇਸ ਨੂੰ ਚਿੱਟਾ ਪਾਊਡਰ ਕਹਿ ਕੇ ਰੌਲਾ ਪਾ ਰਹੇ ਹਨ। ਇਹ ਨਾਬਾਲਗ ਬੱਚਾ ਵੀ ਦੁਕਾਨ ‘ਤੇ ਖੁੱਲ੍ਹੇਆਮ ਨਸ਼ਾ ਵੇਚ ਰਿਹਾ ਹੈ।
ਪਿੰਡ ਦੇ ਲੋਕਾਂ ਅਨੁਸਾਰ ਇਸ ਦੁਕਾਨਦਾਰ ਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ ਜਾ ਚੁੱਕਾ ਹੈ ਪਰ ਉਹ ਆਪਣੀ ਇਸ ਹਰਕਤ ਤੋਂ ਬਾਜ਼ ਨਹੀਂ ਆ ਰਿਹਾ, ਜਿਸ ਕਾਰਨ ਅੱਜ ਪਿੰਡ ਦੇ ਲੋਕ ਇਕੱਠੇ ਹੋ ਕੇ ਉਸ ਦੀ ਦੁਕਾਨ ‘ਤੇ ਪੁੱਜੇ ਕਿਉਂਕਿ ਇਨ੍ਹਾਂ ਵਿਅਕਤੀਆਂ ਨੇ ਪਹਿਲਾਂ ਵੀ ਇੱਕ ਲੜਕੇ ਨੂੰ ਪੈਸੇ ਦਿੱਤੇ ਅਤੇ ਦੁਕਾਨ ਤੋਂ ਚਿੱਟਾ ਮੰਗਿਆ, ਜੋ ਦੁਕਾਨ ‘ਤੇ ਬੈਠੇ ਨਾਬਾਲਗ ਬੱਚੇ ਨੇ ਆਸਾਨੀ ਨਾਲ ਦੇ ਦਿੱਤਾ। ਫਿਰ ਲੋਕਾਂ ਦਾ ਗੁੱਸਾ ਸਿਖਰਾਂ ‘ਤੇ ਪਹੁੰਚ ਗਿਆ ਅਤੇ ਦੁਕਾਨਦਾਰ ਨੂੰ ਘੇਰ ਲਿਆ। ਦੁਕਾਨ ‘ਤੇ ਬੈਠਾ ਨਾਬਾਲਗ ਬੱਚਾ ਵੀ ਮੰਨ ਰਿਹਾ ਹੈ ਕਿ ਉਹ ਪਹਿਲਾਂ ਵੀ ਕਈ ਲੋਕਾਂ ਨੂੰ ਚਿੱਟਾ ਦੇ ਚੁੱਕਾ ਹੈ। ਫੇਰ ਲੋਕਾਂ ਨੇ ਪੁਲਸ ਨੂੰ ਫੋਨ ਕੀਤਾ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਸ ਦੁਕਾਨਦਾਰ ਨੂੰ ਥਾਣੇ ਭੇਜ ਦਿੱਤਾ। ਨਥਾਣਾ ਥਾਣੇ ਦੇ ਐੱਸਐੱਚਓ ਸੰਦੀਪ ਭਾਟੀ ਨੇ ਦੱਸਿਆ ਕਿ ਨਸ਼ਾ ਵੇਚਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਕੋਲੋਂ 2.15 ਮਿਲੀਲੀਟਰ ਚਿੱਟਾ ਵੀ ਬਰਾਮਦ ਹੋਇਆ। ਇਸ ਤੋਂ ਇਲਾਵਾ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਨਾਲ ਹੋਰ ਕਿੰਨੇ ਲੋਕ ਜੁੜੇ ਹੋਏ ਹਨ ਅਤੇ ਇਹ ਚਿੱਟਾ ਕਿੰਨੇ ਸਮੇਂ ਤੋਂ ਵੇਚ ਰਿਹਾ ਸੀ।