ਅੰਮ੍ਰਿਤਸਰ, 25 ਅਪ੍ਰੈਲ 2025 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਹੋਏ ਅਣਉਚਿਤ ਵਿਹਾਰ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਦੇ ਕਰਮਚਾਰੀਆਂ ਵੱਲੋਂ ਸਿੱਖ ਕੌਮ ਦੀ ਅਤਿ ਆਦਰਯੋਗ ਅਤੇ ਧਾਰਮਿਕ ਰੂਪ ਵਿੱਚ ਮਹੱਤਵਪੂਰਨ ਸ਼ਖ਼ਸੀਅਤ ਨਾਲ ਕੀਤਾ ਗਿਆ ਗਲਤ ਵਿਹਾਰ ਨਿਰਾਸ਼ਾਜਨਕ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮਾਮਲਾ ਸਿਰਫ ਇਕ ਵਿਅਕਤੀ ਨਾਲ ਦੁਰਵਿਹਾਰ ਦਾ ਨਹੀਂ, ਸਗੋਂ ਸਿੱਖ ਧਰਮ ਅਤੇ ਉਸ ਦੀ ਸਤਿਕਾਰਤ ਸ਼ਖਸੀਅਤ ਦਾ ਨਿਰਾਦਰ ਹੈ। ਉਨ੍ਹਾਂ ਕੇਂਦਰੀ ਹਵਾਬਾਜ਼ੀ ਮੰਤਰੀ ਕੋਲੋਂ ਇਸ ਘਟਨਾ ਦੀ ਤਤਕਾਲ ਜਾਂਚ ਮੰਗਦਿਆਂ ਕਿਹਾ ਕਿ ਜਿੰਨ੍ਹਾਂ ਕਰਮਚਾਰੀਆਂ ਵੱਲੋਂ ਇਹ ਦੁਰਵਿਵਹਾਰ ਕੀਤਾ ਗਿਆ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਲਈ ਵੀ ਜਰੂਰੀ ਹੈ ਕਿ ਭਾਰਤ ਦੇਸ਼ ਦੀ ਏਅਰਲਾਈਨ ਭਵਿੱਖ ਵਿਚ ਕਿਸੇ ਵੀ ਯਾਤਰੀ ਨਾਲ ਅਜਿਹਾ ਵਿਹਾਰ ਨਾ ਕਰੇ ਜੋ ਦੇਸ਼ ਲਈ ਸ਼ਰਮਨਾਕ ਸਾਬਤ ਹੁੰਦਾ ਹੋਵੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਨੂੰ ਇਹ ਮਾਮਲਾ ਅਥਾਰਟੀ ਕੋਲ ਉਠਾਉਣ ਅਤੇ ਹੋਰ ਲੋੜੀਂਦੇ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ।

