ਨਵਾਂਸ਼ਹਿਰ 5 ਮਾਰਚ,2024 – ਭਾਜਪਾ ਪੰਜਾਬ ਦੇ ਐਸਸੀ ਮੋਰਚਾ ਦੇ ਸੂਬਾ ਪ੍ਰਧਾਨ ਐਸ. ਆਰ. ਲੱਧੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਪ੍ਰਸ਼ਨ ਪੁੱਛੇ ਜਾਣ ‘ਤੇ ਐਮ.ਐਲ.ਏ. ਸੁਖਵਿੰਦਰ ਕੋਟਲੀ ਨੂੰ ਇਹ ਕਹਿਣਾ ਕਿ “ਇਹਨੂੰ ਦੌਰਾ ਪੈ ਗਿਆ ਹੈ, ਇਹਨੂੰ ਜੁੱਤੀ ਸੁੰਘਾਉ” ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ। ਪਰ ਇਸ ਘਟਨਾ ਨੂੰ, ਇਸ ਬੇਇੱਜਤੀ ਨੂੰ ਪੂਰੇ ਦਲਿਤ ਸਮਾਜ ਦੀ ਬੇਇੱਜਤੀ ਕਹਿਣਾ ਕੋਟਲੀ ਵੱਲੋਂ ਸਮਾਜ ਨੂੰ ਭੜਕਾਉਣ ਵਾਲਾ ਬਿਆਨ ਹੈ।
ਐਸ. ਆਰ. ਲੱਧੜ ਨੇ ਜਾਰੀ ਆਪਣੇ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਸਦਨ ਵਿੱਚ ਮੁੱਖ ਮੰਤਰੀ ਵੱਲੋਂ ਹੋਛੀ ਸ਼ਬਦਾਵਲੀ ਦੀ ਵਰਤੋਂ ਕਰਨੀ ਉਹਨਾਂ ਦੀ ਤਰਬੀਅਤ ਅਤੇ ਉਹਨਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ।ਇਹ ਬਹੁਤ ਨਿੰਦਨਯੋਗ ਹੈ ,ਪਰ ਕੋਟਲੀ ਨੂੰ ਰੋਣਾ ਨਹੀਂ ਸੀ ਚਾਹੀਦਾ, ਜਾਂ ਤਾਂ ਉਸੇ ਲਹਿਜੇ ਵਿੱਚ ਜਵਾਬ ਦੇਣਾ ਚਾਹਿਦਾ ਸੀ ਜਾਂ ਸ਼ਾਲੀਨਤਾ ਦਾ ਪ੍ਰਗਟਾਵਾ ਕਰਦਿਆਂ ਤਰਕ ਨਾਲ ਆਪਣੀ ਗੱਲ ਰੱਖਨੀ ਚਾਹੀਦੀ ਸੀ। ਆਮ ਆਦਮੀ ਪਾਰਟੀ ਤੋਂ ਉੱਪ ਮੁੱਖ ਮੰਤਰੀ ਦੀ ਮੰਗ ਕਰਕੇ ਉਹ ਕਿਹੜਾ ਤੀਰ ਮਾਰਨਾ ਚਾਹੁੰਦੇ ਸੀ? ਉੱਪ ਮੁੱਖ ਮੰਤਰੀ ਵੀ ਇੱਕ ਮੰਤਰੀ ਹੀ ਹੁੰਦਾ ਹੈ। ਮੁੱਦੇ ਤਾਂ ਹੋਰ ਬਥੇਰੇ ਨੇ ਪੰਜਾਬ ਵਿੱਚ ਅਨੁਸੂਚਿਤ ਜਾਤੀ ਕਮਿਸ਼ਨ ਨਾ ਲਾਉਣਾ, ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਪੰਦਰਾਂ ਤੋਂ ਘਟਾ ਕੇ ਪੰਜ ਕਰਨੀ, ਰਾਜਸਭਾ ‘ਚ ਇੱਕ ਵੀ ਦਲਿਤ ਨੂੰ ਨਾ ਭੇਜਣਾ, ਕਾਨੂਨੀ ਅਫਸਰਾਂ ਦੀ ਭਰਤੀ ਵੇਲੇ ਇੱਕ ਵੀ ਅਨੁਸੂਚਿਤ ਜਾਤੀ ਨੂੰ ਨੁਮਾਇੰਦਗੀ ਨਾ ਦੇਣੀ, ਜੁਡੀਸ਼ੀਅਲ ਸਰਵਿਸ ਵਿੱਚ 45% ਨੰਬਰਾਂ ਦੀ ਸ਼ਰਤ, 35% ਦਲਿਤ ਵੱਸੋਂ ਨੂੰ 25% ਰਾਖਵਾਂਕਰਣ, ਖੇਤੀਬਾੜੀ ਯੂਨੀਵਰਸਿਟੀ ਅਤੇ ਗਡਵਾਸੂ ਵਿੱਚ ਜ਼ੀਰੋ ਰਾਖਵਾਂਕਰਣ, 85ਵੀ ਸਵਿਧਾਨ ਸੋਧ ਲਾਗੂ ਨਾ ਕਰਨੀ, ਤਰੱਕੀਆਂ ਵਿੱਚ ਬਣਦਾ ਰਾਖਵਾਂਕਰਣ ਨਾ ਦੇਣਾ ਤੇ ਅਜਿਹੇ ਅਨੇਕਾਂ ਮੁੱਦੇ ਹਨ, ਜੋ ਸਦਨ ਵਿੱਚ ਚੁੱਕੇ ਜਾਣੇ ਚਾਹੀਦੇ ਹਨ। ਜੇ ਉੱਪ ਮੁੱਖਮੰਤਰੀ ਲਾ ਵੀ ਦਿੱਤਾ ਗਿਆ ਤੇ ਉਸ ਨੂੰ ਘਟੀਆ ਮਹਿਕਮਾ ਦੇ ਦਿੱਤਾ ਗਿਆ ਤਾਂ ਉਸ ਅਹੁਦੇ ਦਾ ਕੀ ਲਾਭ? ਕੋਟਲੀ ਨੂੰ ਭਗਵੰਤ ਮਾਨ ਨੂੰ ਪੁੱਛਣਾ ਚਾਹੀਦਾ ਸੀ ਕਿ 28 ਕਾਰਪੋਰੇਸ਼ਨਾਂ ‘ਚ ਚੇਅਰਮੈਨ ਲਾਉਣ ਵੇਲੇ ਦਲਿਤਾਂ ਦੀ ਨੁਮਾਇੰਦਗੀ ਨੂੰ ਅੱਖੋ ਪਰੋਖੇ ਕਿਉਂ ਕੀਤਾ ਗਿਆ? ਕੋਟਲੀ ਨੂੰ ਵਿਧਾਨ ਸਭਾ ‘ਚ ਲੋਕਾਂ ਨੇ ਰੋਣ ਲਈ ਨਹੀ ਸੀ ਭੇਜਿਆ।
ਐਸ. ਆਰ. ਲੱਧੜ ਨੇ ਕਿਹਾ ਕਿ ਰਾਜ ਭਾਗ ਮੰਗਿਆ ਨਹੀ ਮਿਲਦੇ, ਇਹਨਾਂ ਲਈ ਸੰਘਰਸ਼ ਕਰਨੇ ਪੈਂਦੇ ਹਨ ਤੇ ਆਦਮੀ ਅਯੋਗ ਹੋਵੇ ਤਾਂ ਮਿਲੇ ਹੋਏ ਰਾਜ-ਭਾਗ ਵੀ ਖੁੱਸ ਜਾਂਦੇ ਹਨ। ਕੋਟਲੀ ਨੇ ਰੋ ਕੇ ਦਲਿਤ ਸਮਾਜ ਨੂੰ ਸ਼ਰਮਸਾਰ ਕੀਤਾ ਹੈ, ਜਿਸ ਲਈ ਦਲਿਤ ਸਮਾਜ ਉਹਨਾਂ ਨਾਲ ਕਦੀ ਨਹੀ ਖੜੇਗਾ ਤੇ ਨਾ ਹੀ ਅਜਿਹੇ ਰੋਣ ਵਾਲੇ ਦਾ ਸਾਥ ਦੇਵੇਗਾ।