ਲੁਧਿਆਣਾ, 9 ਨਵੰਬਰ 2022 – ਜ਼ਿਲ੍ਹਾ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਆਤਮਾ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇੱਕ ਨਿਵੇਕਲੀ ਪਹਿਲ ਕੀਤੀ ਹੈ। ਵਿਧਾਇਕ ਸਿੱਧੂ ਨੇ ਮੋਬਾਈਲ ਦਫ਼ਤਰ ਸ਼ੁਰੂ ਕੀਤਾ ਹੈ ਤਾਂ ਜੋ ਹਲਕਾ ਵਾਸੀਆਂ ਨੂੰ ਉਨ੍ਹਾਂ ਕੋਲ ਆ ਕੇ ਕੰਮ ਕਰਵਾਉਣ ਦੀ ਲੋੜ ਨਾ ਪਵੇ। ਇਸ ਮੋਬਾਈਲ ਦਫ਼ਤਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ।
ਇਹ ਦਫ਼ਤਰ ਇੱਕ ਕਾਰ ਵਿੱਚ ਬਣਾਇਆ ਗਿਆ ਹੈ। ਇਹ ਕਾਰ ਲੋਕਾਂ ਦੀ ਹਰ ਗਲੀ, ਮੁਹੱਲੇ ਵਿੱਚ ਰੁਕਦੀ ਹੈ। ਇਸ ਕਾਰ ਵਿੱਚ ਬੈਠ ਕੇ ਵਿਧਾਇਕ ਸਿੱਧੂ ਲੋਕਾਂ ਨੂੰ ਮਿਲਦੇ ਹਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ। ਇਸ ਗੱਡੀ ਦੇ ਅੰਦਰ ਆਪ ਵਿਧਾਇਕ ਸਿੱਧੂ ਨੇ ਆਪਣੀ ਕੁਰਸੀ ਲਗਾਈ ਹੋਈ ਹੈ। ਉਹ ਰੋਜ਼ਾਨਾ 4 ਤੋਂ 5 ਘੰਟੇ ਇਸ ਕਾਰ ‘ਚ ਵੱਖ-ਵੱਖ ਇਲਾਕਿਆਂ ‘ਚ ਘੁੰਮ ਕੇ ਲੋਕਾਂ ਦੇ ਕੰਮ ਕਰਵਾਉਂਦੇ ਹਨ।
ਲੋਕਾਂ ਨੇ ਵਿਧਾਇਕ ਦੇ ਇਸ ਕੰਮ ਦੀ ਸ਼ਲਾਘਾ ਵੀ ਕੀਤੀ ਪਰ ਕੁਝ ਲੋਕਾਂ ਨੇ ਵਿਧਾਇਕ ਨੂੰ ਇਲਾਕੇ ਦੇ ਲੰਮੇ ਸਮੇਂ ਤੋਂ ਲਟਕ ਰਹੇ ਕੰਮਾਂ ਦੀ ਸੱਚਾਈ ਵੀ ਸੁਣਾਈ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਹਲਕਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਉਨ੍ਹਾਂ ਦੇ ਦਫ਼ਤਰ ‘ਚ ਨਹੀਂ ਆਉਣਾ ਪਵੇਗਾ। ਉਹ ਖੁਦ ਲੋਕਾਂ ਦੇ ਘਰ ਆਵੇਗਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਇਹ ਦਫ਼ਤਰ ਰੋਜ਼ਾਨਾ ਹਰ ਖੇਤਰ ਦਾ ਦੌਰਾ ਕਰੇਗਾ। ਇਲਾਕੇ ਦੇ ਲੋਕਾਂ ਨੂੰ ਛੋਟੀਆਂ-ਮੋਟੀਆਂ ਸਮੱਸਿਆਵਾਂ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਜਿਵੇਂ ਸੀਵਰੇਜ, ਪਾਣੀ, ਪੈਨਸ਼ਨ ਆਦਿ ਦਾ ਤੁਰੰਤ ਹੱਲ ਕੀਤਾ ਜਾਵੇਗਾ।