ਜਲੰਧਰ, 11 ਮਈ 2022 – ਪੰਜਾਬ ਦੇ ਆਦਮਪੁਰ ਦੀ ਰਾਖਵੀਂ ਸੀਟ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਹ ਹਾਦਸਾ ਮੰਗਲਵਾਰ ਦੇਰ ਸ਼ਾਮ ਵਾਪਰਿਆ। ਦੋਪਹੀਆ ਵਾਹਨ ਚਾਲਕ ਨੂੰ ਬਚਾਉਂਦੇ ਹੋਏ ਉਸ ਦੀ ਕਾਰ ਹਾਈਵੇ ‘ਤੇ ਡਿਵਾਈਡਰ ਨਾਲ ਟਕਰਾ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਘਟਨਾ ਵਿੱਚ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਲੱਤ ਅਤੇ ਪਸਲੀਆਂ ਟੁੱਟ ਗਈਆਂ ਹਨ। ਉਸ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਹਾਦਸਾ ਚੰਡੀਗੜ੍ਹ-ਜਲੰਧਰ ਹਾਈਵੇ ‘ਤੇ ਬਹਿਰਾਮ ਟੋਲ ਪਲਾਜ਼ਾ ਨੇੜੇ ਢਾਹਾਂ ਕਲੇਰਾਂ ਵਿਖੇ ਵਾਪਰਿਆ। ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਚੰਡੀਗੜ੍ਹ ਤੋਂ ਆਪਣੀ ਸਰਕਾਰੀ ਗੱਡੀ ਵਿੱਚ ਵਾਪਸ ਆ ਰਹੇ ਸਨ। ਬਹਿਰਾਮ ਨੇੜੇ ਪਿੰਡ ਢਾਹਾਂ ਕਲੇਰਾਂ ਵਿੱਚ ਹਾਈਵੇਅ ’ਤੇ ਇੱਕ ਦੋਪਹੀਆ ਵਾਹਨ ਅਚਾਨਕ ਗਲਤ ਦਿਸ਼ਾ ਤੋਂ ਆ ਗਿਆ। ਗੱਡੀ ਦੇ ਡਰਾਈਵਰ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਦੋਪਹੀਆ ਵਾਹਨ ਦਾ ਸਵਾਰ ਤਾਂ ਵਾਲ-ਵਾਲ ਬਚ ਗਿਆ ਪਰ ਵਿਧਾਇਕ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ।
ਰਾਹਗੀਰਾਂ ਨੇ ਜ਼ਖ਼ਮੀ ਵਿਧਾਇਕ ਤੇ ਹੋਰਨਾਂ ਨੂੰ ਬਾਹਰ ਕੱਢ ਕੇ ਬਹਿਰਾਮ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਵਿਧਾਇਕ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਉਸ ਦਾ ਪੀਏ ਮਨਦੀਪ ਸਿੰਘ ਵੀ ਕਾਰ ਵਿੱਚ ਸੀ। ਉਸ ਨੂੰ ਵੀ ਸੱਟਾਂ ਲੱਗੀਆਂ ਹਨ। ਜਲੰਧਰ ਦੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਵਿਧਾਇਕ ਦੀ ਲੱਤ ਟੁੱਟ ਗਈ ਹੈ। ਉਸ ਦੀਆਂ ਕੁਝ ਪਸਲੀਆਂ ਵੀ ਟੁੱਟ ਗਈਆਂ ਹਨ। ਫਿਲਹਾਲ ਵਿਧਾਇਕ ਹੋਸ਼ ‘ਚ ਹੈ ਅਤੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ।