ਚੰਡੀਗੜ੍ਹ, 25 ਜੁਲਾਈ 2025- ਮੋਹਾਲੀ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਦੇ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਜ਼ਿੰਮੇਵਾਰੀ ਸੰਭਾਲਣ ਤੋਂ ਕੁਝ ਦਿਨ ਬਾਅਦ ਹੀ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫ਼ਾ ਦੇ ਦਿੱਤਾ। ਹੁਣ ਐਸੋਸੀਏਸ਼ਨ ਨੂੰ ਅਗਲੇ 15 ਦਿਨਾਂ ਦੇ ਅੰਦਰ ਇਕ ਨਵਾਂ ਜਨਰਲ ਸਕੱਤਰ ਚੁਣਨਾ ਪਵੇਗਾ।
ਦੱਸ ਦਈਏ ਕਿ 63 ਸਾਲਾ ਕੁਲਵੰਤ ਸਿੰਘ ਇੱਕ ਮਸ਼ਹੂਰ ਰੀਅਲ ਐਸਟੇਟ ਡਿਵੈਲਪਰ ਹਨ ਜਿਨ੍ਹਾਂ ਨੇ ਕਈ ਹਜ਼ਾਰਾਂ ਲੋਕਾਂ ਲਈ ਰਹਿਣ ਯੋਗ ਘਰਾਂ ਦੇ ਨਾਲ-ਨਾਲ ਵਪਾਰਕ ਅਤੇ ਉਦਯੋਗਿਕ ਖੇਤਰਾਂ ਦੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਹਨ।
ਉਨ੍ਹਾਂ ਨੇ ਲਈ 4 ਜੁਲਾਈ ਨੂੰ ਉਨ੍ਹਾਂ ਨੇ ਪੀਸੀਏ ਚੋਣਾਂ ਲਈ ਨਾਮਜ਼ਦਗੀ ਪੱਤਰ ਭਰੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ, “ਜਿੱਥੇ ਵੀ ਮੈਂ ਕੰਮ ਕੀਤਾ, ਆਪਣਾ ਸਰਵੋਤਮ ਦਿੱਤਾ। ਪੀਸੀਏ ਵਿੱਚ ਵੀ ਮੈਂ ਵਧੀਆ ਕੰਮ ਕਰਾਂਗਾ। ਇਹ ਮਾਣਯੋਗ ਖੇਡ ਸੰਸਥਾ ਦੇ ਵਧੀਆ ਵਿਕਾਸ ਲਈ ਮੈਂ ਪੂਰੀ ਤਨਦੇਹੀ ਨਾਲ ਕੰਮ ਕਰਾਂਗਾ।” ਚੋਣ ਜਿੱਤਣ ਤੋਂ ਬਾਅਦ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੀਸੀਏ ਦੇ ਸੁਧਾਰ ਲਈ ਪਾਰਟੀ ਮੁਖੀ ਨਾਲ ਸ਼ੁਰੂਆਤੀ ਵਿਚਾਰ-ਚਰਚਾ ਹੋਈ। ਪਰ ਉਨ੍ਹਾਂ ਵੱਲੋਂ ਹੁਣ ਨਿਜੀ ਕਾਰਨਾਂ ਦਾ ਹਵਾਲਾ ਦਦਿੰਦੇ ਹੋਏ ਅਸਤੀਫਾ ਦੇ ਦਿੱਤਾ ਗਿਆ ਹੈ।

ਕੁਲਵੰਤ ਸਿੰਘ ਦਾ ਰਾਜਨੀਤਿਕ ਸਫਰ 1995 ਵਿੱਚ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਮੋਹਾਲੀ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ 21 ਤੋਂ ਜਿੱਤ ਹਾਸਲ ਕਰਕੇ ਨਗਰ ਕੌਂਸਲ ਦੇ ਪ੍ਰਧਾਨ ਬਣੇ। ਮੋਹਾਲੀ ਦੇ ਵਿਧਾਇਕ ਅਤੇ ਸਾਬਕਾ ਮੇਅਰ ਰਹਿ ਚੁੱਕੇ ਕੁਲਵੰਤ ਸਿੰਘ ਨੇ 2014 ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਟਿਕਟ ’ਤੇ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਜਿੱਤ ਨਹੀਂ ਸਕੇ। ਮਾਰਚ 2022 ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਐਸਏਐਸ ਨਗਰ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ ਸੀ ਅਤੇ ਕਾਂਗਰਸ ਆਗੂ ਬਲਬੀਰ ਸਿੰਘ ਸਿੱਧੂ ਨੂੰ 34,097 ਵੋਟਾਂ ਨਾਲ ਹਰਾ ਦਿੱਤਾ ਸੀ।
