ਲੁਧਿਆਣਾ, 16 ਜੂਨ 2024 – ਵਧਦੀ ਗਰਮੀ ਤੋਂ ਰਾਹਤ ਪਾਉਣ ਲਈ ਬੱਚੇ ਅਕਸਰ ਨਹਿਰਾਂ ਅਤੇ ਦਰਿਆਵਾਂ ‘ਚ ਛਾਲ ਮਾਰ ਨਹਾਉਂਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਆਪਣੀ ਜਾਨ ਵੀ ਖਤਰੇ ‘ਚ ਪਾ ਰਹੇ ਹਨ। ਪਿਛਲੇ ਦਿਨੀਂ ਲੁਧਿਆਣਾ ‘ਚ ਪਾਣੀ ਦੇ ਤੇਜ਼ ਵਹਾਅ ਕਾਰਨ 6 ਲੋਕਾਂ ਦੀ ਮੌਤ ਹੋ ਗਈ ਸੀ।
ਇਸ ਦੌਰਾਨ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਛੋਟੇ ਬੱਚਿਆਂ ਨੂੰ ਨਹਿਰ ਦੇ ਵਿਚਕਾਰ ਤੈਰਦੇ ਦੇਖਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਅਤੇ ਫਿਰ ਉਨ੍ਹਾਂ ਨੂੰ ਕੰਨ ਫੜਾ ਮੁਆਫੀ ਮੰਗਾਈ।
‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ ਜਦੋਂ ਗਿੱਲ ਨਹਿਰ ਕੋਲੋਂ ਲੰਘ ਰਹੇ ਸਨ ਤਾਂ ਰਸਤੇ ‘ਚ ਛੋਟੇ-ਛੋਟੇ ਬੱਚੇ ਗਿੱਲ ਨਹਿਰ ‘ਚ ਤੈਰਦੇ ਦੇਖੇ। ਉਨ੍ਹਾਂ ਨੂੰ ਦੇਖ ਕੇ ‘ਆਪ’ ਵਿਧਾਇਕ ਨੇ ਤੁਰੰਤ ਗੱਡੀ ਰੋਕੀ ਅਤੇ ਫਿਰ ਬੱਚਿਆਂ ਨੂੰ ਬਾਹਰ ਕੱਢਿਆ।
‘ਆਪ’ ਵਿਧਾਇਕ ਨੇ ਪਹਿਲਾਂ ਤਾਂ ਨਹਿਰ ‘ਚ ਨਹਾਉਂਦੇ ਬੱਚਿਆਂ ਨੂੰ ਪਿਆਰ ਨਾਲ ਸਮਝਾਇਆ, ਫਿਰ ਉਨ੍ਹਾਂ ਨੂੰ ਕੰਨ ਫੜਾ ਮੁਆਫੀ ਮੰਗਾਈ ਅਤੇ ਕਿਹਾ ਕਿ ਜੇਕਰ ਭਵਿੱਖ ‘ਚ ਅਜਿਹੇ ਲੋਕ ਨਹਿਰ ‘ਚ ਨਹਾਉਂਦੇ ਨਜ਼ਰ ਆਏ ਤਾਂ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਵਿਧਾਇਕ ਸਿੱਧੂ ਨੇ ਕਿਹਾ ਕਿ ਗਰਮੀ ਕਾਰਨ ਇਸ ਤਰ੍ਹਾਂ ਨਹਿਰ ਵਿੱਚ ਛਾਲ ਮਾਰਨਾ ਬਹੁਤ ਗਲਤ ਹੈ। ਇਸ ਨਾਲ ਮੌਤ ਵੀ ਹੋ ਸਕਦੀ ਹੈ। ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਘਰ ਤੋਂ ਬਾਹਰ ਕੀ ਕਰ ਰਹੇ ਹਨ।
ਗਰਮੀ ਤੋਂ ਰਾਹਤ ਪਾਉਣ ਲਈ ਹਾਲ ਹੀ ‘ਚ ਲੁਧਿਆਣਾ ‘ਚ ਦੋ ਹਾਦਸਿਆਂ ‘ਚ 6 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ ਸੀ। ਨੌਜਵਾਨ ਪਾਣੀ ਦੇ ਤੇਜ਼ ਵਹਾਅ ਕਾਰਨ ਵਹਿ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਜਿਸ ਤੋਂ ਬਾਅਦ ਲੁਧਿਆਣਾ ਦੀ ਡੀਸੀ ਸਾਕਸ਼ੀ ਸਾਹਨੀ ਨੇ ਨਹਿਰਾਂ ਅਤੇ ਨਦੀਆਂ ਵਿੱਚ ਨਹਾਉਣ ‘ਤੇ ਪਾਬੰਦੀ ਲਗਾ ਦਿੱਤੀ ਸੀ।
ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਨਹਿਰਾਂ ਅਤੇ ਦਰਿਆਵਾਂ ਵਿੱਚ ਨਹਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੁਲਿਸ ਨੂੰ ਨਹਿਰਾਂ ਅਤੇ ਦਰਿਆਵਾਂ ‘ਤੇ ਦਿਨ-ਰਾਤ ਗਸ਼ਤ ਵਧਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਨਹਿਰਾਂ ‘ਚ ਨਹਾਉਣ ਅਤੇ ਤੈਰਨ ਸਮੇਂ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ |