ਲੁਧਿਆਣਾ, 21 ਅਗਸਤ 2022 – ਕੇਂਦਰੀ ਜੇਲ੍ਹ ਵਿੱਚੋਂ ਮੋਬਾਈਲ ਅਤੇ ਪਾਬੰਦੀਸ਼ੁਦਾ ਵਸਤੂਆਂ ਲਗਾਤਾਰ ਮਿਲ ਰਹੀਆਂ ਹਨ। ਹੁਣ ਜੇਲ੍ਹ ਗਾਰਡਾਂ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੀ ਚਾਰਦੀਵਾਰੀ ਵਿੱਚ ਤਲਾਸ਼ੀ ਦੌਰਾਨ ਦੋ ਮੋਬਾਈਲ ਬਰਾਮਦ ਕੀਤੇ ਹਨ। ਹਵਾਲਾਤੀ ਦੇ ਕਬਜ਼ੇ ‘ਚੋਂ ਇਕ ਫੋਨ ਬਰਾਮਦ ਹੋਇਆ ਹੈ। ਜਦਕਿ ਦੂਜਾ ਫੋਨ ਲਾਵਾਰਿਸ ਹਾਲਤ ਵਿੱਚ ਮਿਲਿਆ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਤਾਜਪੁਰ ਚੌਕੀ ਨੇ ਹੁਣ ਹਵਾਲਾਤੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦੋ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਏਐਸਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਉਕਤ ਮਾਮਲਾ ਸਹਾਇਕ ਜੇਲ੍ਹ ਸੁਪਰਡੈਂਟ ਗਗਨਦੀਪ ਸ਼ਰਮਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਦੱਸਿਆ ਕਿ 9 ਜੁਲਾਈ ਨੂੰ ਜੇਲ੍ਹ ਵਿੱਚ ਕੀਤੀ ਜਾਂਚ ਦੌਰਾਨ ਬੈਰਕ ਨੰਬਰ ਦੋ ਵਿੱਚੋਂ ਵੀਵੋ ਕੰਪਨੀ ਦਾ ਇੱਕ ਮੋਬਾਈਲ ਫੋਨ ਲਾਵਾਰਿਸ ਹਾਲਤ ਵਿੱਚ ਬਰਾਮਦ ਹੋਇਆ ਸੀ। ਏਐਸਆਈ ਬਿੰਦਰ ਕੁਮਾਰ ਨੇ ਦੱਸਿਆ ਕਿ ਦੂਜਾ ਕੇਸ ਸਹਾਇਕ ਜੇਲ੍ਹ ਸੁਪਰਡੈਂਟ ਸਰੂਪ ਚੰਦ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਦੱਸਿਆ ਕਿ 17 ਜੁਲਾਈ ਨੂੰ ਜੇਲ੍ਹ ਵਿੱਚ ਕੀਤੀ ਗਈ ਜਾਂਚ ਦੌਰਾਨ ਹਵਾਲਾਤੀ ਸੁਖਵੀਰ ਸਿੰਘ ਦੇ ਕਬਜ਼ੇ ਵਿੱਚੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਸੀ। ਉਹ ਨਵਾਂਸ਼ਹਿਰ (ਐਸ.ਬੀ.ਐਸ. ਨਗਰ) ਦੇ ਪਿੰਡ ਵਜੀਦਪੁਰ ਦਾ ਵਸਨੀਕ ਹੈ।