- ‘ਪੰਜਾਬ ਦੀ ਸੁਰੱਖਿਆ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਸਮਝੌਤਾ ਕਰਨ ਦੇ ਇੱਛੁਕ ਲੋਕਾਂ ਦੇ ਹੱਥਾਂ ‘ਚ ਇੱਕ ਅਹਿਮ ਸਰਹੱਦੀ ਸੂਬੇ ਦੀ ਵਾਗਡੋਰ ਨਹੀਂ ਛੱਡੀ ਜਾ ਸਕਦੀ’: ਕੈਪਟਨ ਅਮਰਿੰਦਰ
- ਭਾਜਪਾ-ਪੀ.ਐੱਲ.ਸੀ-ਅਕਾਲੀ ਦਲ (ਸੰਯੁਕਤ) ਦੇ ਪ੍ਰਚਾਰ ਲਈ ਮੋਦੀ ਅਤੇ ਸ਼ਾਹ ਜਲਦੀ ਆਉਣਗੇ ਪੰਜਾਬ
ਪਟਿਆਲਾ, 2 ਫਰਵਰੀ 2022 – ਪੰਜਾਬ ਲੋਕ ਕਾਂਗਰਸ (ਪੀ.ਐਲ.ਸੀ) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਦੇ ਮੁੱਖੀ, ਜਿਸ ਦੇ ਨਿਰਦੇਸ਼ਾਂ ਅਤੇ ਕਮਾਨ ਹੇਠ ਤਕਰੀਬਨ ਹਰ ਰੋਜ਼ ਸਰਹੱਦਾਂ ਉੱਤੇ ਭਾਰਤੀ ਫੌਜੀ ਸ਼ਹੀਦ ਹੋ ਰਹੇ ਹਨ, ਨੂੰ ਜੱਫੀ ਪਾਉਣ ‘ਤੇ ਸਖ਼ਤ ਗੁੱਸਾ ਜ਼ਾਹਰ ਕੀਤਾ ਅਤੇ ਕਿਹਾ ਕਿ ਸੂਬੇ ਦਾ ਸ਼ਾਸਨ ਇਹਨਾਂ ਸਵਾਰਥੀ ਲੋਕਾਂ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ ਜੋ ਸਿਰਫ਼ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨੋਂ ਗੁਰੇਜ਼ ਨਹੀਂ ਕਰਦੇ।
ਸਾਬਕਾ ਮੁੱਖ ਮੰਤਰੀ ਨੇ ਰਾਮਲੀਲਾ ਮੈਦਾਨ ਵਿਖੇ ਇੱਕ ਜਨਤਕ ਮੀਟਿੰਗ ਦੌਰਾਨ ਪਟਿਆਲਾ ਦੇ ਲੋਕਾਂ ਨੂੰ ਪੁੱਛਿਆ, “ਤੁਸੀਂ ਕਿਸ ਨੂੰ ਜ਼ਿਆਦਾ ਨਫ਼ਰਤ ਕਰਦੇ ਹੋ? ਗੋਲ਼ੀ ਮਾਰਨ ਵਾਲੇ ਸਿਪਾਹੀ ਨੂੰ ਜਾਂ ਗੋਲ਼ੀ ਮਾਰਨ ਦਾ ਹੁਕਮ ਦੇਣ ਵਾਲੇ ਨੂੰ?”। ਕੈਪਟਨ ਨੇ ਕਿਹਾ ਕਿ ਸਿੱਧੂ ਦਾ ਜਨਰਲ ਬਾਜਵਾ ਨੂੰ ਗਲ਼ ਲਾਉਣਾ ਅਤੇ ਫ਼ੇਰ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਸਿੱਧੂ ਨੂੰ ਰਾਜ ਮੰਤਰੀ ਮੰਡਲ ਵਿੱਚ ਮੁੜ ਸ਼ਾਮਲ ਕਰਨ ਦੀ ਸਿਫਾਰਸ਼ ਕਰਨਾ ਸਪੱਸ਼ਟ ਦਿਖਾਉਂਦਾ ਹੈ ਕਿ ਪੰਜਾਬ ਨੂੰ ਅਤੇ ਭਾਰਤ ਨੂੰ ਸਰਹੱਦ ਪਾਰ ਦੇ ਦੁਸ਼ਮਣ ਤੋਂ ਬਚਾਉਣ ਲਈ ਸਿੱਧੂ ਉੱਪਰ ਭਰੋਸਾ ਨਹੀਂ ਕੀਤਾ ਜਾ ਸਕਦਾ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਸ਼ਾਂਤੀ ਚਾਹੁੰਦਾ ਹੈ ਪਰ ਉਸ ਅੱਗੇ ਝੁਕੇਗਾ ਨਹੀਂ ਤੇ ਭਾਰਤੀ ਫੌਜ ਹਰ ਤਰ੍ਹਾਂ ਦੀ ਲੜਾਈ ਲਈ ਅਤੇ ਪਾਕਿਸਤਾਨ ਨੂੰ ਕਰੜੇ ਹੱਥੀਂ ਲੈਣ ਲਈ ਤਿਆਰ ਹੈ।
ਸਰਹੱਦੀ ਸੂਬੇ ਪੰਜਾਬ ਦੀ ਉੱਚ ਪੱਧਰੀ ਮੁਹਾਫਿਜ਼ਤ ਦੀ ਜ਼ਰੂਰਤ ਦਾ ਹਵਾਲਾ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਅਤੇ ਦੇਸ਼ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ, ਜੋ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸਮਰਥਨ ਨਾਲ ਸਿਰਫ਼ ਪੀ.ਐਲ.ਸੀ. ਹੀ ਯਕੀਨੀ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਫਿਲਹਾਲ ਕੋਈ ਟਕਰਾਅ ਨਹੀਂ ਹੈ ਪਰ ਪਾਕਿਸਤਾਨ ਦਾ ਵਿਰੋਧੀ ਸ਼ਾਸਨ ਅਤੀਤ ਵਿੱਚ ਕਈ ਗੰਭੀਰ ਖ਼ਤਰੇ ਖੜ੍ਹਾ ਕਰ ਚੁੱਕਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਮਾਰਚ 2017 ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਵੱਲੋਂ ਸਰਹੱਦ ‘ਤੇ 83 ਪੰਜਾਬੀ ਫੌਜੀ ਮਾਰੇ ਜਾ ਚੁੱਕੇ ਹਨ ਅਤੇ ਉਨ੍ਹਾਂ ਦੀ ਸਰਕਾਰ ਨੇ ਮ੍ਰਿਤਕ ਫੌਜੀਆਂ ਦੇ ਵਾਰਸਾਂ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਜੀਅ ਨੂੰ ਨੌਕਰੀ ਦਿੱਤੀ ਸੀ।
ਇਹ ਐਲਾਨ ਕਰਦਿਆਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵੇਂ ਪੀ.ਐੱਲ.ਸੀ-ਭਾਜਪਾ-ਅਕਾਲੀ ਦਲ (ਸੰਯੁਕਤ) ਗੱਠਜੋੜ ਦੇ ਪ੍ਰਚਾਰ ਕਰਨ ਲਈ ਜਲਦੀ ਹੀ ਪੰਜਾਬ ਆਉਣਗੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਗੱਠਜੋੜ ਪੰਜਾਬ ਅਤੇ ਦੇਸ਼ ਦੇ ਹਿੱਤਾਂ ਖ਼ਾਤਰ ਹੀ ਬਣਾਇਆ ਗਿਆ ਸੀ। ਸੂਬੇ ਦੀ ਅਰਥਵਿਵਸਥਾ, ਜੋ ਕਿ ਪੂਰੀ ਤਰ੍ਹਾਂ ਡਾਵਾਂਡੋਲ ਹੈ, ਨੂੰ ਅੱਗੇ ਵਧਣ ਲਈ ਕੇਂਦਰ ਦੇ ਸਹਿਯੋਗ ਦੀ ਸਖ਼ਤ ਲੋੜ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ 70000 ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ ਅਤੇ ਚਰਨਜੀਤ ਸਿੰਘ ਚੰਨੀ ਨੇ ਸਿਰਫ਼ 111 ਵਿੱਚ ਹੀ 33000 ਕਰੋੜ ਰੁਪਏ ਦਾ ਕਰਜ਼ਾ ਵਧਾ ਦਿੱਤਾ ਹੈ।
ਪੀ.ਐਲ.ਸੀ ਮੁੱਖੀ ਨੇ ਰਾਜ ਦੇ ਵਿਕਾਸ ਅਤੇ ਸੁਰੱਖਿਆ ਲਈ ਆਪਣੀਆਂ ਭਵਿੱਖਤ ਯੋਜਨਾਵਾਂ ਦੀ ਨਕਾਬ ਕੋਸ਼ੀ ਕੀਤੀ, ਜੋ ਕਿ ਕੈਪਟਨ ਮੁਤਾਬਕ ਕਾਂਗਰਸ ਨੇ ਅਸੈਂਬਲੀ ਚੋਣਾਂ ਤੋਂ 6 ਮਹੀਨੇ ਤੋਂ ਵੀ ਘੱਟ ਸਮੇਂ ਪਹਿਲਾਂ ਸਰਕਾਰੀ ਅਹੁਦਿਆਂ ਦੇ ਅਚਨਚੇਤ ਅਤੇ ਗੈਰ-ਕਾਨੂੰਨੀ ਤਬਾਦਲੇ ਨਾਲ ਤਬਾਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਟਿਆਲੇ ਵਿੱਚ ਹੀ ਉਨ੍ਹਾਂ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਕਈ ਵਿਕਾਸ ਪ੍ਰੋਜੈਕਟਾਂ ਨੂੰ ਚੰਨੀ ਸਰਕਾਰ ਨੇ ਠੱਪ ਕਰ ਦਿੱਤਾ ਹੈ।
ਸਾਬਕਾ ਮੁੱਖ ਮੰਤਰੀ ਨੇ ਸੂਬੇ ਦੀ ਪਾਣੀ ਦੀ ਸਥਿਤੀ ਅਤੇ ਖੇਤੀਬਾੜੀ ਨੂੰ ਸੁਧਾਰਨ ਨੂੰ ਆਪਣੀ ਪਾਰਟੀ ਲਈ ਮੁੱਖ ਤਰਜੀਹਾਂ ਵਜੋਂ ਪਛਾਣਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਟਿਆਲਾ ਸਮੇਤ 5 ਵੱਡੇ ਸ਼ਹਿਰਾਂ ਲਈ ਦਰਿਆਈ ਪਾਣੀ ਦੀ ਸਪਲਾਈ ਦੇ ਪ੍ਰੋਜੈਕਟ ਨੂੰ ਯੋਜਨਾਬੱਧ ਕੀਤਾ ਸੀ ਅਤੇ ਹਾਲ ਹੀ ਦੇ ਅੰਦੋਲਨ ਵਿੱਚ ਮਾਰੇ ਗਏ 460 ਕਿਸਾਨਾਂ ਵਿੱਚੋਂ ਹਰੇਕ ਦੇ ਪਰਿਵਾਰਾਂ ਨੂੰ ਨੌਕਰੀਆਂ ਅਤੇ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਸੀ।