… ਕਮਜੋਰ ਮੁੱਖ ਮੰਤਰੀ ਕੈਪਟਨ ਆਪਣੇ ਪੁੱਤਰ ਨੂੰ ਈਡੀ ਤੋਂ ਬਚਾਉਣ ਲਈ ਜਾਣਬੁੱਝ ਕੇ ਧਾਰੀ ਬੈਠੇ ਹਨ ਚੁੱਪੀ : ਭਗਵੰਤ ਮਾਨ
… ਕੈਪਟਨ ਨੇ ਆਪਣੀਆਂ ਕਮਜੋਰੀਆਂ ਦੇ ਚਲਦਿਆਂ ਹੀ ਪੰਜਾਬ ਦਾ ਮੋਦੀ-ਸ਼ਾਹ ਨਾਲ ਕੀਤਾ ਸੌਦਾ
ਚੰਡੀਗੜ੍ਹ, 21 ਜਨਵਰੀ 2021 – ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਆਰਡੀਐਫ ‘ਚ 2 ਫੀਸਦੀ ਦੀ ਕਟੌਤੀ ਕੀਤੇ ਜਾਣ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਫੰਡ (ਆਰਡੀਐਫ) ਵਿੱਚ ਜਾਣਬੁੱਝ ਕੇ 2 ਫੀਸਦੀ ਕਟੌਤੀ ਕਰਕੇ ਪੰਜਾਬ ਦੇ ਲੋਕਾਂ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਸਰਕਾਰ ਦੇ ਮਾਲੀਆ ਵਿੱਚ ਲਗਭਗ 800 ਕਰੋੜ ਰੁਪਏ ਦੀ ਕਮੀ ਆਵੇਗੀ ਅਤੇ ਪੇਂਡੂ ਖੇਤਰ ਵਿੱਚ ਹੋਣ ਵਾਲੇ ਲੋਕ ਕਲਿਆਣ ਦੇ ਕੰਮਾਂ ਵਿੱਚ ਰੁਕਾਵਟਾਂ ਪੈਦਾ ਹੋਣਗੀਆਂ।
ਭਗਵੰਤ ਮਾਨ ਨੇ ਕਿਹਾ ਕਿ 1987 ਤੋਂ ਚਲੇ ਆ ਰਹੇ ਆਰਡੀਐਫ ਵਿੱਚ ਕਟੌਤੀ ਕਰਕੇ ਮੋਦੀ ਸਰਕਾਰ ਨੇ ਭਾਰਤ ਦੀ ਸੰਘੀ ਵਿਵਸਥਾ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਪੈਸੇ ਨਾਲ ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲਾਂ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦਾ ਭਰੋਸਾ ਦਿੰਦੀ ਸੀ ਅਤੇ ਪੰਜਾਬ ਦੇ ਪੇਂਡੂ ਖੇਤਰ ਵਿੱਚ ਗਲੀ ਵਿੱਚ ਲਾਈਟਾਂ, ਧਰਮਸ਼ਾਲਾ, ਪੰਚਾਇਤ ਭਵਨ, ਪੀਣ ਦਾ ਪਾਣੀ ਅਤੇ ਹੋਰ ਕੰਮ ਕਰਦੀ ਸੀ, ਉਸ ਪੈਸੇ ਨੂੰ ਘਟਾ ਕੇ ਮੋਦੀ ਸਰਕਾਰ ਪੰਜਾਬ ਦੇ ਵਿਕਾਸ ਕੰਮਾਂ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਹੂਲਤ ਪਹੁੰਚਾਉਣ ਵਾਲੇ ਕੰਮਾਂ ਵਿੱਚ ਲਗਾਉਣ ਵਾਲੇ ਪੈਸੇ ਵਿੱਚ ਜਾਣਬੁੱਝ ਕੇ ਕਟੌਤੀ ਕਰਨਾ ਇਹ ਸਾਬਤ ਕਰਦਾ ਹੈ ਕਿ ਕਿਸ ਤਰ੍ਹਾਂ ਮੋਦੀ ਸਰਕਾਰ ਕੇਂਦਰੀ ਸੱਤਾ ਦੀ ਸ਼ਕਤੀ ਦੀ ਦੁਰਵਰਤੋਂ ਕਰਕੇ ਵਿਰੋਧ ਕਰਨ ਵਾਲੇ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਜੋ ਲੋਕ ਦਿੱਲੀ ਬਾਰਡਰ ਉੱਤੇ ਕਿਸਾਨ ਅੰਦੋਲਨ ‘ਚ ਸ਼ਾਮਲ ਹੋ ਕੇ ਕਾਲੇ ਕਾਨੂੰਨ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਕਿਸਾਨ ਹਨ ਅਤੇ ਉਹ ਪਿੰਡਾਂ ਦੇ ਰਹਿਣ ਵਾਲੇ ਹਨ। ਇਸ ਲਈ ਮੋਦੀ ਸਰਕਾਰ ਨੇ ਸਾਜਿਸ਼ ਦੇ ਤਹਿਤ ਆਰਡੀਐਫ ਦੇ ਪੈਸੇ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਮੋਦੀ-ਸ਼ਾਹ ਉੱਤੇ ਹਮਲਾ ਬੋਲਦੇ ਹੋਏ ਕਿਹਾ ਕਿ ਪਹਿਲਾਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਮੋਦੀ ਸਰਕਾਰ ਨੇ ਕਿਸਾਨ ਆਗੂਆਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ। ਜਦੋਂ ਕਿਸਾਨ ਆਗੂਆਂ ਨੂੰ ਨਹੀਂ ਖਰੀਦ ਸਕੇ ਤਾਂ ਉਨ੍ਹਾਂ ਨੂੰ ਡਰਾਉਣ ਲਈ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਕੇ ਅੰਦੋਲਨ ਵਿੱਚ ਸਹਿਯੋਗ ਕਰਨ ਵਾਲੇ ਲੋਕਾਂ ਖਿਲਾਫ ਐਨਆਈਏ ਰਾਹੀਂ ਨੋਟਿਸ ਭਜਵਾਏ ਜਾ ਰਹੇ ਹਨ। ਹੁਣ ਜਦੋਂ ਉਨ੍ਹਾਂ ਦੀ ਸਾਰੀਆਂ ਸਾਜਿਸ਼ਾਂ ਨਾਕਾਮ ਹੋ ਚੁੱਕੀਆਂ ਹਨ, ਤਾਂ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਬਾਰਡਰ ਉੱਤੇ ਬੈਠੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦੇ ਵਿਕਾਸ ਕੰਮਾਂ ਵਿੱਚ ਲੱਗਣ ਵਾਲੇ ਪੈਸਿਆਂ ਵਿੱਚ ਕਟੌਤੀ ਕਰਕੇ ਮੋਦੀ ਸਰਕਾਰ ਲੋਕਾਂ ਨੂੰ ਧਮਕਾ ਰਹੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਮੋਦੀ-ਸ਼ਾਹ ਨਾਲ ਮਿਲੇ ਹੋਣ ਦਾ ਦੋਸ਼ ਲਗਾਉਂਦੇ ਹੋਏ ਮਾਨ ਨੇ ਅੱਗੇ ਕਿਹਾ, ਕੇਂਦਰ ਸਰਕਾਰ ਪੰਜਾਬ ਦੇ ਮਾਲੀਆ ਉੱਤੇ ਹਮਲਾ ਕਰ ਰਹੀ ਹੈ, ਪੰਜਾਬ ਦੇ ਕਿਸਾਨ ਕੰਮਾਂ ‘ਚ ਰੁਕਾਵਟਾਂ ਪਾਉਣ ਦੀ ਸਾਜਿਸ਼ ਕਰ ਰਹੀ ਹੈ, ਪ੍ਰੰਤੂ ਮੁੱਖ ਮੰਤਰੀ ਨੇ ਇਸ ਉੱਤੇ ਚੁੱਪੀ ਧਾਰੀ ਹੋਈ ਹੈ। ਕੈਪਟਨ ਈਡੀ ਦੇ ਡਰ ਤੋਂ ਮੋਦੀ ਸਰਕਾਰ ਖਿਲਾਫ ਬੋਲਣ ਤੋਂ ਹਮੇਸ਼ਾ ਬਚਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਅਮਰਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਈਡੀ ਦੇ ਛਾਪਿਆਂ ਤੋਂ ਬਚਾਉਣ ਲਈ ਪੰਜਾਬ ਦੇ ਆਮ ਲੋਕਾਂ ਅਤੇ ਕਿਸਾਨਾਂ ਨਾਲ ਕੋਈ ਵੀ ਧੋਖਾ ਕਰ ਸਕਦੇ ਹਨ। ਮੁੱਖ ਮੰਤਰੀ ਕਿਸਾਨ ਹਿਤੈਸ਼ੀ ਹੋਣ ਦਾ ਸਿਰਫ ਦਿਖਾਵਾ ਕਰਦੇ ਹਨ। ਆਪਣੀਆਂ ਨਕਾਮੀਆਂ ਨੂੰ ਲੁਕਾਉਣ ਲਈ ਕੈਪਟਨ ਨੇ ਮੋਦੀ-ਸ਼ਾਹ ਨਾਲ ਪੰਜਾਬ ਦੇ ਹਿੱਤਾਂ ਦਾ ਸੌਦਾ ਕੀਤਾ ਅਤੇ ਈਡੀ ਦੇ ਡਰ ਤੋਂ ਪੰਜਾਬ ਦੇ ਕਰੀਬ 1 ਹਜ਼ਾਰ ਕਰੋੜ ਨੁਕਸਾਨ ਪਹੁੰਚਾਉਣ ਦੇ ਬਾਅਦ ਵੀ ਮੋਦੀ-ਸ਼ਾਹ ਖਿਲਾਫ ਇਕ ਸ਼ਬਦ ਵੀ ਨਹੀਂ ਬੋਲ ਰਹੇ।