ਚੰਡੀਗੜ੍ਹ 16 ਮਈ 2023 – ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇੱਥੇ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਜਮਹੂਰੀ ਹੱਕਾਂ ਦੀ ਸਰਗਰਮ ਕਾਰਕੁੰਨ, ਲੇਖਕ, ਲੋਕ ਸੰਘਰਸ਼ਾਂ ਦੀ ਡਟਵੀਂ ਸਮਥਰਕ ਤੇ ਉੱਘੇ ਨਾਟਕਕਾਰ ਮਰਹੂਮ ਗੁਰਸ਼ਰਨ ਸਿੰਘ ਦੀ ਧੀ ਡਾ: ਨਵਸ਼ਰਨ ਨੂੰ ਹੱਕ ਸੱਚ ਲਈ ਅਵਾਜ਼ ਉਠਾਉਣ ਬਦਲੇ ਮੋਦੀ ਸਰਕਾਰ ਵੱਲੋਂ ਈ ਡੀ ਰਾਹੀਂ ਤੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੋਦੀ ਸਰਕਾਰ ਵੱਲੋਂ ਦੇਸ਼ ਭਰ ਅੰਦਰ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ‘ਤੇ ਬੋਲੇ ਹੋਏ ਹਮਲੇ ਤਹਿਤ ਹੀ ਹੁਣ ਡਾ: ਨਵਸ਼ਰਨ ਨੂੰ ਪੀ ਐਮ ਐਲ ਏ ਕਾਨੂੰਨ ਤਹਿਤ ਸੰਮਨ ਭੇਜੇ ਗਏ ਹਨ ਤੇ ਲੰਮੀ ਪੁੱਛ ਪੜਤਾਲ ਦੇ ਨਾਂ ਹੇਠ ਖੱਜਲ ਖੁਆਰ ਕਰਨ ਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਾਨੂੰਨ ਯੂ ਏ ਪੀ ਏ ਵਰਗੇ ਕਨੂੰਨਾਂ ਦਾ ਹੀ ਇੱਕ ਹੋਰ ਰੂਪ ਹੈ ਜਿਹੜਾ ਸਰਕਾਰ ਨੂੰ ਕਿਸੇ ਵੀ ਵਿਅਕਤੀ ਦੇ ਜਮਹੂਰੀ ਅਧਿਕਾਰ ਕੁਚਲਣ ਦੀਆਂ ਅਥਾਹ ਸ਼ਕਤੀਆਂ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਡਾ. ਨਵਸ਼ਰਨ ਲਗਭਗ ਪਿਛਲੇ ਦੋ-ਢਾਈ ਦਹਾਕਿਆਂ ਤੋਂ ਲਗਾਤਾਰ ਜਮਹੂਰੀ ਹੱਕਾਂ ਦੇ ਖੇਤਰ ਵਿਚ ਸਰਗਰਮ ਬੁੱਧੀਜੀਵੀ ਵਜੋਂ ਰੋਲ ਨਿਭਾ ਰਹੀ ਹੈ। ਬੁੱਧੀਜੀਵੀ ਹਲਕਿਆਂ ਵਿੱਚ ਉਹ ਇਤਿਹਾਸਕ ਕਿਸਾਨ ਸੰਘਰਸ਼ ਦੇ ਮੋਹਰੀ ਸਮਰਥਕਾਂ ਵਿੱਚੋਂ ਇੱਕ ਸੀ। ਉਸਨੇ ਨਾ ਸਿਰਫ ਦਿੱਲੀ ਧਰਨੇ ਵਿੱਚ ਲਗਾਤਾਰ ਸ਼ਮੂਲੀਅਤ ਕੀਤੀ ਸਗੋਂ ਕੌਮੀ- ਕੌਮਾਂਤਰੀ ਮੰਚਾਂ ਉੱਤੇ ਕਿਸਾਨਾਂ ਦੇ ਪੱਖ ਨੂੰ ਬਾ-ਦਲੀਲ ਢੰਗ ਨਾਲ ਰੱਖਿਆ ਅਤੇ ਕਿਸਾਨ ਸੰਘਰਸ਼ ਦੇ ਤਜਰਬੇ ਨੂੰ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਸੰਘਰਸ਼ਸ਼ੀਲ ਲੋਕਾਂ ਨਾਲ ਸਾਂਝਾ ਕਰਨ ਦੇ ਯਤਨ ਵੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਡਾਕਟਰ ਨਵਸ਼ਰਨ ਮੋਦੀ ਸਰਕਾਰ ਦੇ ਜਾਬਰ ਫਾਸ਼ੀ ਹਮਲੇ ਖਿਲਾਫ ਆਵਾਜ਼ ਉਠਾਉਣ ਵਾਲੇ ਦੇਸ਼ ਦੇ ਮੋਹਰੀ ਬੁੱਧੀਜੀਵੀਆਂ ਵਿੱਚ ਸ਼ੁਮਾਰ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਡਾ: ਨਵਸ਼ਰਨ ਤੋਂ ਆਪਣੇ ਜਾਬਰ ਹੱਥ ਦੂਰ ਰੱਖੇ ਤੇ ਪੁੱਛ-ਪੜਤਾਲ ਦੇ ਨਾਂ ਹੇਠ ਉਸ ਨੂੰ ਖੱਜਲ-ਖੁਆਰ ਕਰਨ ਦੇ ਕਦਮ ਫੌਰੀ ਰੋਕੇ ਜਾਣ। ਕਿਰਤੀ ਲੋਕਾਂ ਦੇ ਹੱਕ ਵਿੱਚ ਲਗਾਤਾਰ ਉੱਠ ਰਹੀ ਇਸ ਜਮਹੂਰੀ ਅਵਾਜ਼ ਨੂੰ ਚੁੱਪ ਕਰਵਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਬੰਦ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਡਾ: ਨਵਸ਼ਰਨ ਨਾਲ ਪੰਜਾਬ ਦੇ ਲੋਕਾਂ ਦੀ ਲਹਿਰ ਡਟ ਕੇ ਖੜ੍ਹੀ ਹੈ। ਉਨ੍ਹਾਂ ਪੰਜਾਬ ਦੀ ਇਨਸਾਫਪਸੰਦ ਜਨਤਕ ਜਮਹੂਰੀ ਲਹਿਰ ਦੇ ਸਭਨਾਂ ਹਿੱਸਿਆਂ ਨੂੰ ਸੱਦਾ ਦਿੱਤਾ ਕਿ ਉਹ ਫੌਰੀ ਤੌਰ ‘ਤੇ ਅਵਾਜ਼ ਉਠਾਉਂਦਿਆਂ ਮੋਦੀ ਸਰਕਾਰ ਨੂੰ ਸੁਣਵਾਈ ਕਰਨ।