- 8 ਸਾਲ ਦੀ ਭਾਜਪਾ ਸਰਕਾਰ ’ਚ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ: ਮਲਵਿੰਦਰ ਸਿੰਘ ਕੰਗ
- ਦਾਲਾਂ 50 ਫ਼ੀਸਦ, ਸਬਜੀਆਂ 30 ਫ਼ੀਸਦ, ਖਾਣ ਵਾਲੇ ਤੇਲ 90 ਫ਼ੀਸਦ, ਪੈਟਰੌਲ- ਡੀਜ਼ਲ ਤੇ ਰਸੋਈ ਗੈਸ 40 ਫ਼ੀਸਦ ਤੋਂ ਜ਼ਿਆਦਾ ਹੋਏ ਮਹਿੰਗੇ: ਮਲਵਿੰਦਰ ਸਿੰਘ ਕੰਗ
- ਮਹਿੰਗਾਈ ਨੇ ਆਮ ਲੋਕਾਂ ਦਾ ਜੀਵਨ ਮੁਸ਼ਕਲ ਕੀਤਾ, ਪਰ ਕੇਂਦਰ ਸਰਕਾਰ ਜਾਣਬੁੱਝ ਕੇ ਅੱਖਾਂ ਬੰਦ ਕਰਕੇ ਬੈਠੀ: ਮਲਵਿੰਦਰ ਸਿੰਘ ਕੰਗ
- ਪ੍ਰਧਾਨ ਮੰਤਰੀ ਜਾਂ ਤਾਂ ਮਹਿੰਗਾਈ ਘੱਟ ਕਰਨ ਜਾਂ ਝੋਲਾ ਚੁੱਕ ਕੇ ਚਲੇ ਜਾਣ: ਮਲਵਿੰਦਰ ਸਿੰਘ ਕੰਗ
ਚੰਡੀਗੜ੍ਹ, 23 ਮਈ 2022
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮਹਿੰਗਾਈ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਵਧਦੀ ਮਹਿੰਗਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਮੋਦੀ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਪਿਛਲੇ 8 ਸਾਲਾਂ ਦੌਰਾਨ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਲਗਾਤਾਰ ਮਹਿੰਗਾਈ ਵਧਾ ਕੇ ਆਮ ਲੋਕਾਂ ਦਾ ਜੀਵਨ ਔਖ਼ਾ ਕਰ ਦਿੱਤਾ ਹੈ।
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਨਰਿੰਦਰ ਮੋਦੀ ਕਹਿੰਦੇ ਸਨ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਹਰ ਦੇਸ਼ ਵਾਸੀ ਦੇ ਖਾਤੇ ’ਚ 15- 15 ਲੱਖ ਰੁਪਏ ਜਮਾਂ ਹੋਣਗੇ, ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ (ਮੋਦੀ) 15 ਲੱਖ ਦੇਣ ਦੀ ਥਾਂ ਮਹਿੰਗਾਈ ਦਰ 15 ਫ਼ੀਸਦੀ ਵਧਾ ਦਿੱਤੀ। ਉਨ੍ਹਾਂ ਕਿਹਾ, ‘ਪਿਛਲੇ 8 ਸਾਲਾਂ ਦੌਰਾਨ ਦਾਲਾਂ 50 ਫ਼ੀਸਦੀ ਮਹਿੰਗੀਆਂ ਹੋ ਗਈਆਂ ਹਨ। ਸਬਜੀਆਂ ਦੀਆਂ ਕੀਮਤਾਂ ਵਿੱਚ ਵੀ 25 ਤੋਂ 30 ਫ਼ੀਸਦੀ ਵਾਧਾ ਹੋਇਆ ਹੈ। ਖਾਣ ਵਾਲੇ ਤੇਲ ਦੀ ਕੀਮਤ 90 ਫ਼ੀਸਦੀ ਵਧ ਗਈ ਹੈ, ਜਦੋਂ ਕਿ ਪੈਟਰੌਲ -ਡੀਜ਼ਲ ਅਤੇ ਰਸੋਈ ਗੈਸ 40 ਫ਼ੀਸਦੀ ਤੱਕ ਮਹਿੰਗੇ ਹੋ ਗਏ ਹਨ।’
ਕੰਗ ਨੇ ਦੱਸਿਆ ਕਿ ਸਾਲ 2014 ’ਚ ਨਰਿੰਦਰ ਮੋਦੀ ਨੇ ਮਹਿੰਗਾਈ ਖ਼ਤਮ ਕਰਨ ਦਾ ਵਾਅਦਾ ਕਰਕੇ ਨਾਅਰਾ ਦਿੱਤਾ ਸੀ ‘ਬਹੁਤ ਹੋਈ ਮਹਿੰਗਾਈ ਦੀ ਮਾਰ, ਅਬ ਕੀ ਬਾਰ ਮੋਦੀ ਸਰਕਾਰ’ ਪਰ ਹੋਰਨਾਂ ਵਾਅਦਿਆਂ ਦੀ ਤਰ੍ਹਾਂ ਮੋਦੀ ਦਾ ਇਹ ਵਾਅਦਾ ਵੀ ਪੂਰੀ ਤਰ੍ਹਾਂ ਜੁਮਲਾ ਸਿੱਧ ਹੋਇਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਨਾਕਾਮੀਆਂ ਕਾਰਨ ਦੇਸ਼ ਦੀ ਅਰਥ ਵਿਵਸਥਾ ਲੜਖੜਾ ਗਈ ਹੈ। ਸਾਰੇ ਖੇਤਰਾਂ ਦੀ ਹਾਲਤ ਕਮਜ਼ੋਰ ਹੋ ਗਈ ਹੈ। ਮਹਿੰਗਾਈ ਕਾਰਨ ਕਿਸਾਨਾਂ ਦੀ ਹਾਲਤ ਵੀ ਮਾੜੀ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਸੀ ਕਿ 2022 ਤੱਕ ਦੇਸ਼ ਦੇ ਕਿਸਾਨਾਂ ਦੀ ਆਮਦਨੀ ਦੁਗਣੀ ਕਰ ਦਿਆਂਗੇ, ਪਰ ਦੁਗਣੀ ਕਰਨ ਦੀ ਥਾਂ ਉਨ੍ਹਾਂ ਕਿਸਾਨਾਂ ਦੀ ਆਮਦਨ ਅੱਧੀ ਕਰ ਦਿੱਤੀ ਹੈ। ਇੱਕ ਸਰਵੇ ਮੁਤਾਬਕ 2015 ਦੇ ਮੁਕਾਬਲੇ ਕਿਸਾਨਾਂ ਦੀ ਆਮਦਨ ’ਚ 30 ਫ਼ੀਸਦੀ ਤੋਂ ਜ਼ਿਆਦਾ ਗਿਰਾਵਟ ਆਈ ਹੈ।
ਮਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਿੰਗਾਈ ਘੱਟ ਕਰਨ ਲਈ ਠੋਸ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ ਆਮ ਲੋਕ ਪਹਿਲਾਂ ਹੀ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਮਹਿੰਗਾਈ ਦੀ ਮਾਰ ਆਮ ਲੋਕ ਹੁਣ ਹੋਰ ਨਹੀਂ ਸਹਿ ਸਕਦੇ। ਇਸ ਲਈ ਕੇਂਦਰ ਸਰਕਾਰ ਮਹਿੰਗਾਈ ’ਤੇ ਕੰਟਰੋਲ ਕਰੇ ਅਤੇ ਆਮ ਲੋਕਾਂ ਨੂੰ ਰਾਹਤ ਦੇਵੇ। ਉਨ੍ਹਾਂ ਪ੍ਰਧਾਨ ਮੰਤਰੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਕਹਿੰਦੇ ਹਨ ‘ਮੈਂ ਤਾਂ ਝੋਲਾ ਚੁੱਕ ਕੇ ਚਲੇ ਜਾਵਾਂਗਾ’। ਇਸ ਲਈ ਪ੍ਰਧਾਨ ਮੰਤਰੀ ਜਾਂ ਤਾਂ ਜਲਦ ਤੋਂ ਜਲਦ ਮਹਿੰਗਾਈ ’ਤੇ ਕਾਬੂ ਕਰਨ, ਜਾਂ ਫਿਰ ਝੋਲਾ ਚੁੱਕ ਕੇ ਚਲੇ ਜਾਣ।