ਚੰਡੀਗੜ੍ਹ, 13 ਸਤੰਬਰ 2022 – 20 ਸਤੰਬਰ ਨੂੰ ਮੋਹਾਲੀ ਦੇ ਆਈ.ਐੱਸ. ਬਿੰਦਰਾ ਕ੍ਰਿਕਟ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣ ਵਾਲਾ ਟੀ-20 ਮੈਚ ਇਸ ਵਾਰ ਖਾਸ ਹੋਣ ਵਾਲਾ ਹੈ। ਕਿਉਂਕਿ ਸਟੇਡੀਅਮ ‘ਚ ਪਹਿਲੀ ਵਾਰ ਸਾਬਕਾ ਭਾਰਤੀ ਕ੍ਰਿਕਟਰਾਂ ਦੇ ਨਾਂ ‘ਤੇ ਬਣੇ ਸਟੈਂਡ ‘ਤੇ ਦਰਸ਼ਕ ਮੈਚ ਦਾ ਆਨੰਦ ਲੈ ਸਕਣਗੇ। ਪੰਜਾਬ ਕ੍ਰਿਕਟ ਸੰਘ (ਪੀਸੀਏ) ਨੇ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਅਤੇ ਛਿੱਕਿਆਂ ਦੇ ਬਾਦਸ਼ਾਹ ਯੁਵਰਾਜ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੱਤਾ ਹੈ। ਇਹ ਦੋਵੇਂ ਖਿਡਾਰੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਲਈ ਖੇਡਦੇ ਹੋਏ ਟੀਮ ਇੰਡੀਆ ‘ਚ ਖੇਡੇ ਅਤੇ ਦੁਨੀਆ ਭਰ ‘ਚ ਆਪਣੀ ਪਛਾਣ ਬਣਾਈ।
ਪੀਸੀਏ ਨੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਦੋਵਾਂ ਖਿਡਾਰੀਆਂ ਦੇ ਨਾਂ ’ਤੇ ਇੱਕ-ਇੱਕ ਬਲਾਕ ਬਣਾ ਦਿੱਤਾ ਹੈ। ਇਸ ਸਟੇਡੀਅਮ ‘ਚ 20 ਸਤੰਬਰ ਨੂੰ ਭਾਰਤ ਅਤੇ ਆਸਟ੍ਰੇਲੀਆ ਦੇ ਟੀ-20 ਮੈਚ ਦੌਰਾਨ ਪਹਿਲੀ ਵਾਰ ਕ੍ਰਿਕਟ ਪ੍ਰੇਮੀ ਇਨ੍ਹਾਂ ਸਟੈਂਡਾਂ ‘ਤੇ ਬੈਠ ਕੇ ਮੈਚ ਦੇਖ ਸਕਣਗੇ। ਖਾਸ ਗੱਲ ਇਹ ਹੈ ਕਿ ਹਰਭਜਨ ਸਿੰਘ ਸਟੈਂਡ ਦੀਆਂ ਟਿਕਟਾਂ ਯੁਵਰਾਜ ਸਿੰਘ ਦੇ ਮੁਕਾਬਲੇ ਬਹੁਤ ਮਹਿੰਗੀਆਂ ਹਨ। ਪੀਸੀਏ ਵੱਲੋਂ ਜਿੱਥੇ ਹਰਭਜਨ ਸਿੰਘ ਸਟੈਂਡ ਦੀ ਟਿਕਟ 5000 ਰੁਪਏ ਰੱਖੀ ਗਈ ਹੈ, ਉਥੇ ਯੁਵਰਾਜ ਸਿੰਘ ਸਟੈਂਡ ਦੀ ਟਿਕਟ 2000 ਰੁਪਏ ਰੱਖੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਮੈਚ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ।
ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਮੋਹਾਲੀ ਦੀ ਸਥਾਪਨਾ 1993 ਵਿੱਚ ਕੀਤੀ ਗਈ ਸੀ। ਸਟੇਡੀਅਮ ਵਿੱਚ 26,000 ਦਰਸ਼ਕ ਮੈਚ ਦੇਖ ਸਕਦੇ ਹਨ। ਸਟੇਡੀਅਮ ਵਿੱਚ ਪਹਿਲਾ ਵਨਡੇ ਮੈਚ 22 ਨਵੰਬਰ 1993 ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਇਆ ਸੀ। ਇਸ ਦੇ ਨਾਲ ਹੀ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 10-14 ਦਸੰਬਰ 1994 ਨੂੰ ਪਹਿਲਾ ਟੈਸਟ ਮੈਚ ਖੇਡਿਆ ਗਿਆ ਸੀ। ਪੀਸੀਏ ਮੋਹਾਲੀ ਵਿਖੇ ਪਹਿਲਾ ਟੀ-20 ਮੈਚ 12 ਦਸੰਬਰ 2009 ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ ਸੀ ਅਤੇ ਆਖਰੀ ਟੀ-20 ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 18 ਸਤੰਬਰ 2019 ਨੂੰ ਖੇਡਿਆ ਗਿਆ ਸੀ। ਹੁਣ 3 ਸਾਲ ਬਾਅਦ ਮੋਹਾਲੀ ‘ਚ ਟੀ-20 ਮੈਚ ਹੋਣ ਜਾ ਰਿਹਾ ਹੈ।

ਮੋਹਾਲੀ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣ ਵਾਲਾ ਟੀ-20 ਮੈਚ ਇਸ ਸਟੇਡੀਅਮ ਦਾ ਆਖਰੀ ਟੀ-20 ਹੋ ਸਕਦਾ ਹੈ। ਦਰਅਸਲ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਮਹਾਰਾਜਾ ਯਾਦਵਿੰਦਰ ਸਿੰਘ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿੱਚ ਨਵਾਂ ਕ੍ਰਿਕਟ ਸਟੇਡੀਅਮ ਤਿਆਰ ਕਰਵਾਇਆ ਹੈ। ਅਗਲੇ ਆਈਪੀਐਲ ਸੀਜ਼ਨ ਦੇ ਸਾਰੇ ਮੈਚ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿੱਚ ਹੋਣਗੇ। ਪੀਸੀਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਈਪੀਐਲ ਪ੍ਰਬੰਧਨ ਨਾਲ ਵੀ ਗੱਲ ਕੀਤੀ ਹੈ। ਮੁੱਲਾਂਪੁਰ ਕ੍ਰਿਕਟ ਸਟੇਡੀਅਮ ਉਦਘਾਟਨ ਲਈ ਪੂਰੀ ਤਰ੍ਹਾਂ ਤਿਆਰ ਹੈ।
