ਲੁਧਿਆਣਾ, 20 ਸਤੰਬਰ 2022 – ਮਾਨਸੂਨ ਪੰਜਾਬ ਤੋਂ ਲਗਪਗ ਰਾਵਾਂ ਹੋ ਚੁੱਕਿਆ ਹੈ ਅਤੇ ਆਈਐਮਡੀ ਇੱਕ-ਦੋ ਦਿਨਾਂ ਵਿੱਚ ਇਸ ਦਾ ਐਲਾਨ ਵੀ ਕਰ ਦੇਵੇਗਾ। ਕਿਉਂਕਿ ਇਸ ਸਮੇਂ ਮੌਸਮ ਖੁਸ਼ਕ ਹੋ ਗਿਆ ਹੈ ਅਤੇ ਹੋਰ ਬਾਰਿਸ਼ ਨਹੀਂ ਹੋਵੇਗੀ। ਮਾਨਸੂਨ ਦੇ ਸੀਜ਼ਨ ਵਿੱਚ ਇਹ ਲਗਾਤਾਰ ਚੌਥੀ ਵਾਰ ਹੋਇਆ ਹੈ ਜਦੋਂ ਮਾਨਸੂਨ ਆਮ ਮੀਂਹ ਵੀ ਨਹੀਂ ਪਾ ਸਕਿਆ ਹੈ। ਸਤੰਬਰ ਵਿੱਚ ਮਾਨਸੂਨ 32 ਸਾਲਾਂ ਵਿੱਚ ਸਭ ਤੋਂ ਕਮਜ਼ੋਰ ਰਿਹਾ ਹੈ।
ਸੂਬੇ ‘ਚ ਇਸ ਸਮੇਂ 328.7 ਮਿਲੀਮੀਟਰ ਬਾਰਿਸ਼ ਹੋਈ, ਜਦਕਿ ਇਹ 417 ਹੋਣੀ ਚਾਹੀਦੀ ਸੀ। ਅਜਿਹੇ ‘ਚ ਇਸ ਸੀਜ਼ਨ ‘ਚ 21 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਘੱਟ ਮੀਂਹ ਪੈਣ ਦਾ ਕਾਰਨ ਇਹ ਹੈ ਕਿ ਅਗਸਤ ਮਹੀਨੇ ਤੋਂ ਬਾਅਦ ਸਤੰਬਰ ਮਹੀਨੇ ਵਿੱਚ ਵੀ ਮਾਨਸੂਨ ਬਹੁਤ ਕਮਜ਼ੋਰ ਰਿਹਾ ਹੈ। ਇਨ੍ਹਾਂ ਦੋ ਮਹੀਨਿਆਂ ਵਿੱਚ ਆਮ ਨਾਲੋਂ ਅੱਧੀ ਵੀ ਬਰਸਾਤ ਨਹੀਂ ਹੋਈ। ਇਸੇ ਕਾਰਨ ਪੰਜਾਬ ਵਿੱਚ ਮਾਨਸੂਨ ਦੇ ਸੀਜ਼ਨ ਵਿੱਚ ਲਗਾਤਾਰ ਚੌਥੀ ਵਾਰ ਆਮ ਨਾਲੋਂ ਘੱਟ ਮੀਂਹ ਪਿਆ। 2018 ਵਿੱਚ ਹੀ 7 ਮਿਲੀਮੀਟਰ ਮੀਂਹ ਆਮ ਨਾਲੋਂ ਵੱਧ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਮਾਨਸੂਨ ਦੌਰਾਨ ਲਗਾਤਾਰ ਮੀਂਹ ਨਹੀਂ ਪਿਆ ਹੈ।
ਆਈਐਮਡੀ ਅਨੁਸਾਰ 1990 ਵਿੱਚ ਸਤੰਬਰ ਵਿੱਚ ਸਭ ਤੋਂ ਵੱਧ 219.6 ਮਿਲੀਮੀਟਰ ਮੀਂਹ ਪਿਆ ਸੀ, ਜਦੋਂ ਕਿ ਸਤੰਬਰ ਦਾ ਮਹੀਨਾ ਸੀਜ਼ਨ ਵਿੱਚ ਸਭ ਤੋਂ ਕਮਜ਼ੋਰ ਸਾਬਤ ਹੋਇਆ ਹੈ। ਇੱਥੇ ਸਿਰਫ਼ 11 ਮਿਲੀਮੀਟਰ ਮੀਂਹ ਪਿਆ ਹੈ। ਇਸ ਵਾਰ ਸਾਰੇ ਜ਼ਿਲ੍ਹਿਆਂ ਵਿੱਚ 99 ਫੀਸਦੀ ਤੱਕ ਘੱਟ ਮੀਂਹ ਦਰਜ ਕੀਤਾ ਗਿਆ ਹੈ।