- ਮਾਨਸੂਨ ਪੰਚਕੂਲਾ ਅਤੇ ਅੰਬਾਲਾ ਤੋਂ ਹੁੰਦਾ ਹੋਇਆ ਚੰਡੀਗੜ੍ਹ ਪਹੁੰਚੇਗਾ
ਚੰਡੀਗੜ੍ਹ, 29 ਜੂਨ 2022 – ਮਾਨਸੂਨ ਪੰਜਾਬ-ਚੰਡੀਗੜ੍ਹ ਅਤੇ ਹਰਿਆਣਾ ਦੇ ਬੂਹੇ ‘ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਦੀ ਤਰ੍ਹਾਂ ਮਾਨਸੂਨ ਉੱਤਰ ਪ੍ਰਦੇਸ਼ ਦੇ ਰਸਤੇ ਪੰਚਕੂਲਾ-ਅੰਬਾਲਾ ਵਿੱਚ ਦਾਖਲ ਹੋਵੇਗਾ। ਆਈਐਮਡੀ ਦੇ ਚੰਡੀਗੜ੍ਹ ਸੈਂਟਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਮੁਤਾਬਕ ਮਾਨਸੂਨ 30 ਜੂਨ ਦੀ ਸਵੇਰ ਤੋਂ 1 ਜੁਲਾਈ ਦਰਮਿਆਨ ਕਿਸੇ ਵੀ ਸਮੇਂ ਆ ਸਕਦਾ ਹੈ।
ਇਸ ਦੌਰਾਨ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ 30 ਜੂਨ ਦੀ ਰਾਤ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮਾਨਸੂਨ ਦਸਤਕ ਦੇਣ ਜਾ ਰਿਹਾ ਹੈ। 1 ਜੁਲਾਈ ਨੂੰ ਭਾਰੀ ਮੀਂਹ ਦਾ ਅਲਰਟ ਹੈ। ਇਸ ਤੋਂ ਪਹਿਲਾਂ 29 ਜੂਨ ਨੂੰ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਹੋ ਸਕਦੀ ਹੈ।
ਆਮ ਤੌਰ ‘ਤੇ ਹੁਣ ਤੱਕ ਕਸ਼ਮੀਰ ਪਹੁੰਚ ਰਿਹਾ ਮਾਨਸੂਨ ਯੂਪੀ-ਬਿਹਾਰ ਸਰਹੱਦ ‘ਤੇ 12 ਦਿਨਾਂ ਤੋਂ ਰੁਕਿਆ ਹੋਇਆ ਹੈ। ਇਹ 17 ਜੂਨ ਨੂੰ ਮਊ ਜ਼ਿਲ੍ਹੇ ਦੇ ਨੇੜੇ ਪਹੁੰਚ ਗਿਆ ਸੀ, ਪਰ ਪਾਕਿਸਤਾਨ ਤੋਂ ਰਾਜਸਥਾਨ ਰਾਹੀਂ ਆ ਰਹੀਆਂ ਗਰਮ ਹਵਾਵਾਂ ਕਾਰਨ ਅੱਗੇ ਨਹੀਂ ਵਧ ਸਕਿਆ। ਅਜਿਹਾ ਇਸ ਤੋਂ ਪਹਿਲਾਂ ਕਰਨਾਟਕ ਵਿੱਚ ਵੀ ਹੋ ਚੁੱਕਾ ਹੈ, ਜਿੱਥੇ ਮਾਨਸੂਨ 10 ਦਿਨਾਂ ਤੱਕ ਰੁਕਿਆ ਰਿਹਾ।
ਮੌਸਮ ਵਿਗਿਆਨੀਆਂ ਮੁਤਾਬਕ ਬੰਗਾਲ ਦੀ ਖਾੜੀ ‘ਚ ਹਵਾ ਦਾ ਦਬਾਅ ਘੱਟ ਹੈ। ਇਸ ਕਾਰਨ ਮਾਨਸੂਨ ਨੂੰ ਅੱਗੇ ਧੱਕਣ ਵਾਲੀਆਂ ਹਵਾਵਾਂ ਨਹੀਂ ਵਗ ਰਹੀਆਂ ਹਨ। ਹੁਣ ਪੱਛਮੀ ਹਵਾਵਾਂ ਕਮਜ਼ੋਰ ਹੋਣ ਲੱਗ ਪਈਆਂ ਹਨ, ਬੰਗਾਲ ਦੀ ਖਾੜੀ ਤੋਂ ਹਵਾਵਾਂ ਉੱਤਰ-ਪੱਛਮ ਵੱਲ ਵਗਣ ਲੱਗੀਆਂ ਹਨ। ਮਾਨਸੂਨ 2 ਦਿਨਾਂ ਵਿੱਚ ਅੱਗੇ ਵਧਣਾ ਸ਼ੁਰੂ ਕਰ ਸਕਦਾ ਹੈ।