- ਕੁਝ ਜ਼ਿਲ੍ਹਿਆਂ ਵਿੱਚ ਥੋੜ੍ਹੇ-ਥੋੜ੍ਹੇ ਮੀਂਹ ਦੀ ਸੰਭਾਵਨਾ, ਨਮੀ ਵਧੇਗੀ
ਚੰਡੀਗੜ੍ਹ, 29 ਜੂਨ 2023 – ਪੰਜਾਬ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਪਰ ਪੰਜਾਬ ਵਿੱਚ ਪਹੁੰਚਣ ਤੱਕ ਮਾਨਸੂਨ ਸੁਸਤ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਸਿਰਫ਼ ਗੁਰਦਾਸਪੁਰ ਵਿੱਚ ਹੀ ਮੀਂਹ ਰਿਕਾਰਡ ਹੋਇਆ ਹੈ। ਜਦਕਿ ਪੂਰੇ ਸੂਬੇ ‘ਚ ਗਰਮ ਅਤੇ ਹੁੰਮਸ ਭਰਿਆ ਮਾਹੌਲ ਰਿਹਾ। ਇਸ ਦੇ ਨਾਲ ਹੀ ਅੱਜ ਦੁਪਹਿਰ 11 ਵਜੇ ਜਾਰੀ ਅਲਰਟ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਵਿੱਚ ਸੰਗਰੂਰ, ਪਟਿਆਲਾ, ਐਸਏਐਸ ਨਗਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਪੈ ਸਕਦਾ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਗਲੇ 5 ਦਿਨਾਂ ਤੱਕ ਪੰਜਾਬ ‘ਚ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ। ਪਰ ਸੂਰਜ ਅਤੇ ਬੱਦਲਾਂ ਵਿਚਕਾਰ ਟਕਰਾਅ ਜਾਰੀ ਰਹੇਗਾ ਅਤੇ ਨਮੀ ਵਧੇਗੀ। ਜਾਰੀ ਸੈਟੇਲਾਈਟ ਤਸਵੀਰਾਂ ਵਿੱਚ ਵੀ ਪੰਜਾਬ ਉੱਤੇ ਕੋਈ ਖਾਸ ਬੱਦਲ ਮੰਡਰਾਉਂਦੇ ਨਜ਼ਰ ਨਹੀਂ ਆ ਰਹੇ ਹਨ। ਜਿਸ ਤੋਂ ਬਾਅਦ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ।
ਹਾਲਾਂਕਿ ਮਾਨਸੂਨ ਦੀ ਸ਼ੁਰੂਆਤ ਨਾਲ ਹੀ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਤੋਂ ਬਾਅਦ ਨਮੀ ਵਧਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧ ਰਹੀਆਂ ਹਨ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਗੁਰਦਾਸਪੁਰ ਵਿੱਚ 12 ਐਮਐਮ, ਫਰੀਦਕੋਟ ਵਿੱਚ 0.80 ਐਮਐਮ, ਫਿਰੋਜ਼ਪੁਰ ਵਿੱਚ 0.5 ਅਤੇ ਮੁਹਾਲੀ ਵਿੱਚ 1 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਕਿਤੇ ਵੀ ਮੀਂਹ ਨਹੀਂ ਪਿਆ।
ਮੌਸਮ ਵਿਭਾਗ ਵੱਲੋਂ ਸਵੇਰੇ ਜਾਰੀ ਕੀਤੇ ਗਏ ਘੱਟੋ-ਘੱਟ ਤਾਪਮਾਨ ਵਿੱਚ ਪੰਜਾਬ ਵਿੱਚ ਪਿਛਲੇ ਦਿਨ ਨਾਲੋਂ 1.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਜਦਕਿ 1.8 ਡਿਗਰੀ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 33 ਤੋਂ 35 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ। ਕਈ ਵਾਰ ਬੱਦਲ ਛਾਏ ਰਹਿਣਗੇ, ਪਰ ਜ਼ਿਆਦਾਤਰ ਸਮਾਂ ਧੁੱਪ ਰਹੇਗੀ।