- ਮਾਤਾ-ਪਿਤਾ ਨੇ ਦੱਸਿਆ ਕੇ ਇਹ ਸਿੱਧੂ ਮੂਸੇਵਾਲਾ ਦੀ ਇੱਛਾ ਸੀ,
- ਦੋ ਸਾਲ ਪਹਿਲਾਂ ਸਿੱਧੂ ਨੇ ਆਪਣੇ ਜਨਮ ਦਿਨ ‘ਤੇ ਜ਼ਾਹਰ ਕੀਤੀ ਸੀ ਇੱਛਾ,
- ਇਸ ਮੌਕੇ ਬ੍ਰਿਟਿਸ਼ ਰੈਪਰ ਸਟੀਫਲੋਨ ਡੌਨ ਵੀ ਨਾਲ ਸੀ
ਮਾਨਸਾ, 13 ਜੂਨ 2023 – ਮਾਨਸਾ ਵਿੱਚ ਬੀਤੀ ਰਾਤ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਗਰੀਬ ਬਸਤੀਆਂ ਵਿੱਚ ਵੰਡਿਆ ਰਾਸ਼ਨ। ਉਨ੍ਹਾਂ ਦੇ ਨਾਲ ਬ੍ਰਿਟਿਸ਼ ਰੈਪਰ ਸਟੀਫਲੋਨ ਡੌਨ ਵੀ ਸੀ, ਜਿਸ ਨੇ ਪੀਲੇ-ਗੁਲਾਬੀ ਲਹਿੰਗਾ ਪਹਿਨਿਆ ਹੋਇਆ ਸੀ। ਰੈਪਰ ਡੌਨ ਨੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਇਸ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋਈ। ਇਸ ਬਾਰੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਇਸ ਨੂੰ ਸਿੱਧੂ ਮੂਸੇਵਾਲਾ ਦੀ ਇੱਛਾ ਦੱਸਿਆ।
ਬਲਕੌਰ ਸਿੰਘ ਅਤੇ ਚਰਨ ਕੌਰ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਸਨੇਹੀਆਂ ਅਤੇ ਦੋਸਤ-ਮਿੱਤਰ ਕੇਕ ਲੈ ਕੇ ਪਹੁੰਚੇ ਸਨ। ਇਹ ਦੇਖ ਕੇ ਸਿੱਧੂ ਖੁਸ਼ ਤਾਂ ਹੋਏ ਪਰ ਉਨ੍ਹਾਂ ਸਾਰਿਆਂ ਨੂੰ ਟੋਕਦਿਆਂ ਹੀ ਭਵਿੱਖ ਵਿੱਚ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ। ਸਿੱਧੂ ਨੇ ਕਿਹਾ ਕਿ ਇੱਥੇ ਕੇਕ ਲਿਆਉਣ ਦੀ ਬਜਾਏ ਗਰੀਬਾਂ ਵਿੱਚ ਰਾਸ਼ਨ ਵੰਡਣਾ ਬਿਹਤਰ ਹੈ।
ਇਹੀ ਕਾਰਨ ਹੈ ਕਿ ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਉਹ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡ ਰਹੇ ਹਨ। ਉਨ੍ਹਾਂ ਦੇ ਨਾਲ ਬ੍ਰਿਟਿਸ਼ ਰੈਪਰ ਡੌਨ ਵੀ ਹਨ। ਇਹ ਦੇਖ ਕੇ ਉਹ ਬਹੁਤ ਖੁਸ਼ ਹੈ ਅਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕੇ ਉਹ ਸਿੱਧੂ ਦੇ ਪਿੰਡ ਆਈ ਹੈ ਅਤੇ ਉਸ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ।
ਮਾਤਾ ਚਰਨ ਕੌਰ ਨੇ ਦੱਸਿਆ ਕਿ ਸਿੱਧੂ ਨੂੰ ਮਾਰਨ ਵਾਲੇ ਉਸ ਨੂੰ ਛੋਟਾ ਕਰਨਾ ਚਾਹੁੰਦੇ ਸਨ। ਪਰ ਉਹ ਅਜਿਹਾ ਨਹੀਂ ਕਰ ਸਕੇ। ਸਿੱਧੂ ਦੇ ਮਗਰੋਂ ਵੀ ਉਸ ਦਾ ਕੱਦ ਹੋਰ ਵੀ ਵੱਧ ਗਿਆ ਹੈ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਧੂ ਨਾ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਹੈ।
ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚੇ ਬ੍ਰਿਟਿਸ਼ ਰੈਪਰ ਡੌਨ ਗਰੀਬਾਂ ਵਿੱਚ ਰਾਸ਼ਨ ਵੰਡ ਕੇ ਬਹੁਤ ਖੁਸ਼ ਹੋਏ। ਸਟੀਫਲਨ ਡੌਨ ਨੇ ਕਿਹਾ ਕਿ ਉਹ ਇਸ ਮਾਹੌਲ ਨੂੰ ਦੇਖ ਕੇ ਬਹੁਤ ਖੁਸ਼ ਹੈ। ਸਰਕਾਰਾਂ ਨੂੰ ਵੀ ਇਨ੍ਹਾਂ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਉਹ ਹਮੇਸ਼ਾ ਸਿੱਧੂ ਦੀ ਤਾਰੀਫ ਕਰਦੀ ਰਹੀ ਹੈ। ਉਹ ਇੱਕ ਬਹੁਤ ਵਧੀਆ ਇਨਸਾਨ ਸੀ।