ਲੁਧਿਆਣਾ, 11 ਮਈ 2022 – ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਗਰਮੀ ਪੈ ਰਹੀ ਹੈ, ਜਿਸ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਵੱਧ ਚੱਲ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 43 ਤੋਂ 45 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਇਸ ਹਫ਼ਤੇ ਵੀ ਅੱਤ ਦੀ ਗਰਮੀ ਤੋਂ ਰਾਹਤ ਨਹੀਂ। ਵਿਭਾਗ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਅਨੁਸਾਰ 15 ਮਈ ਤੱਕ ਦੱਖਣੀ ਪੱਛਮੀ ਪੰਜਾਬ ਭਾਵ ਬਠਿੰਡਾ, ਸੰਗਰੂਰ, ਬਰਨਾਲਾ ‘ਚ ਹੀਟ ਵੇਵ ਚੱਲੇਗੀ | ਜਿਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਤਾਪਮਾਨ ਅਤੇ ਗਰਮੀ ਵਧੇਗੀ।
ਉੱਤਰੀ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਤਰਨਤਾਰਨ, ਕਪੂਰਥਲਾ ਸਮੇਤ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਹੀਟ ਵੇਵ ਨਹੀਂ ਚੱਲੇਗੀ। ਜਿਸ ਕਾਰਨ ਇੱਥੇ ਗਰਮੀ ਤਾਂ ਰਹੇਗੀ ਪਰ ਗਰਮ ਹਵਾਵਾਂ ਤੋਂ ਰਾਹਤ ਮਿਲੇਗੀ। ਡਾ: ਮਨਮੋਹਨ ਨੇ ਕਿਹਾ ਕਿ ਮਈ ਮਹੀਨੇ ਵਿਚ ਵੀ ਪਾਰਾ ਆਮ ਨਾਲੋਂ ਉਪਰ ਚੱਲ ਰਿਹਾ ਹੈ ਅਤੇ ਮੀਂਹ ਵੀ ਓਨਾ ਨਹੀਂ ਪੈ ਰਿਹਾ ਜਿੰਨਾ ਚਾਹੀਦਾ ਸੀ, ਜਿਸ ਕਾਰਨ ਝੋਨਾ ਬੀਜਣ ਵਾਲੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ 16 ਮਈ ਤੋਂ ਬਾਅਦ ਮੌਸਮ ਵਿੱਚ ਬਦਲਾਅ ਆਉਣ ਦੀ ਉਮੀਦ ਹੈ।
ਦੱਸ ਦਈਏ ਕਿ ਇਸ ਸਾਲ ਮਾਰਚ ਅਤੇ ਅਪ੍ਰੈਲ ‘ਚ ਬਾਰਿਸ਼ ਨਹੀਂ ਹੋਈ ਹੈ। ਜੇਕਰ ਮਈ ਵੀ ਸੁੱਕੀ ਰਹੀ ਤਾਂ ਕਿਸਾਨਾਂ ਲਈ ਮੁਸੀਬਤ ਬਣ ਸਕਦੀ ਹੈ। ਸਭ ਤੋਂ ਵੱਧ ਅਸਰ ਆਮ ਲੋਕਾਂ ‘ਤੇ ਪੈ ਰਿਹਾ ਹੈ। ਇਸ ਦੇ ਨਾਲ ਹੀ ਦੁਪਹਿਰ ਸਮੇਂ ਲੁਧਿਆਣਾ ਦੀਆਂ ਸੜਕਾਂ ‘ਤੇ ਸੰਨਾਟਾ ਛਾ ਗਿਆ। ਲੋਕ ਘੱਟ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਉਂਜ ਸਵੇਰ ਵੇਲੇ ਪਾਰਕਾਂ ਵਿੱਚ ਸੈਰ ਕਰਨ ਲਈ ਲੋਕਾਂ ਦੀ ਭੀੜ ਵੱਧ ਜਾਂਦੀ ਹੈ।