ਫਿਰੋਜ਼ਪੁਰ, 16 ਅਕਤੂਬਰ 2024 – ਪੰਜਾਬ ਭਰ ‘ਚ ਸਰਪੰਚੀ ਚੋਣਾਂ ਦੌਰਾਨ ਫਿਰੋਜ਼ਪੁਰ ਤੋਂ ਜਿਹੜੀ ਤਸਵੀਰ ਨਿਕਲ ਕੇ ਸਾਹਮਣੇ ਆਈ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਪਿੰਡ ਕੋਠੇ ਕਿਲੀ ਵਾਲੇ ‘ਚ ਮਾਂ-ਪੁੱਤ ਹੀ ਸਰਪੰਚੀ ਦੀ ਚੋਣ ‘ਚ ਆਹਮੋ-ਸਾਹਮਣੇ ਹੋ ਗਏ। ਇਕੋ ਪਿੰਡ ‘ਚ ਇੱਕ ਪਾਸੇ ਮਾਂ ਸਰਪੰਚੀ ਦੀ ਚੋਣ ਲੜ ਰਹੀ ਸੀ ਅਤੇ ਦੂਜੇ ਪਾਸੇ ਪੁੱਤ ਚੋਣ ਲੜ ਰਿਹਾ ਸੀ। ਇਸ ਚੋਣ ਦੌਰਾਨ ਅਖ਼ੀਰ ‘ਚ ਮਾਂ ਦੀ ਜਿੱਤ ਹੋਈ। ਮਾਂ ਨੇ ਆਪਣੇ ਹੀ ਪੁੱਤਰ ਨੂੰ 24 ਵੋਟਾਂ ਨਾਲ ਹਰਾ ਕੇ ਪਿੰਡ ਦੀ ਸਰਪੰਚੀ ਦੀ ਚੋਣ ਜਿੱਤ ਲਈ।
ਜਾਣਕਾਰੀ ਦਿੰਦਿਆਂ ਮਾਤਾ ਸੁਮਿੱਤਰਾ ਬੀਬੀ ਨੇ ਦੱਸਿਆ ਕਿ ਸ਼ਰੀਕਾਂ ਨੇ ਉਸਦੇ ਪੁੱਤਰ ਨੂੰ ਚੁੱਕ-ਚੁਕਾ ਕੇ ਉਸਦੇ ਖ਼ਿਲਾਫ਼ ਵੋਟਾਂ ‘ਚ ਖੜ੍ਹਾ ਕਰ ਦਿੱਤਾ ਉਹ ਕਦੇ ਨਹੀਂ ਚਾਹੁੰਦੀ ਸੀ ਕਿ ਉਸਦੇ ਘਰ ‘ਚ ਇਹ ਪਾੜ ਪਵੇ ਪਰ ਸ਼ਰੀਕਾਂ ਨੇ ਕੋਈ ਕਸਰ ਨਹੀਂ ਛੱਡੀ ਅਤੇ ਉਹ ਆਹਮੋ-ਸਾਹਮਣੇ ਚੋਣ ਲੜੇ ਸਨ।