- ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ, ਕਿਸਾਨ ਭਰਾਵਾਂ ਦੇ ਹੌਂਸਲੇ ਨਹੀਂ ਢਾਹ ਸਕਦੀਆਂ: ਔਜਲਾ
- ਕਿਸਾਨ ਪੰਜਾਬ ਨਹੀਂ ਸਗੋਂ ਪੂਰੇ ਦੇਸ਼ ਦੇ ਅੰਨਦਾਤਾ ਹਨ: ਔਜਲਾ
ਸ਼ੰਭੂ ਬਾਰਡਰ, 10 ਮਾਰਚ 2024: ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਲੰਬਾ ਸਮਾਂ ਕਿਸਾਨਾਂ ਦੇ ਹੱਕਾਂ ਦੀ ਪੈਰਵਾਈ ਲੋਕ ਸਭਾ ਵਿੱਚ ਕੀਤੀ ਹੈ ਅਤੇ ਕਿਸਾਨਾਂ ਦੇ ਮੁੱਦੇ ਤੇ ਹਮੇਸ਼ਾ ਕੇਂਦਰ ਸਰਕਾਰ ਅੱਗੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਅੱਜ ਗੁਰਜੀਤ ਸਿੰਘ ਔਜਲਾ ਖਾਸ ਤੌਰ ਤੇ ਸ਼ੰਭੂ ਬਾਰਡਰ ਵਿਖੇ ਕਿਸਾਨਾਂ ਦੇ ਹੱਕਾਂ ਵਿੱਚ ਚੱਲ ਰਹੇ ਅੰਦੋਲਨ ਵਿੱਚ ਭਾਗ ਲੈਣ ਪਹੁੰਚੇ। ਜਿੱਥੇ ਉਹਨਾਂ ਨੇ ਕਿਸਾਨ ਭਰਾਵਾਂ ਨਾਲ ਮਿਲ ਕੇ ਗੱਲਬਾਤ ਕੀਤੀ ਅਤੇ ਉਹਨਾਂ ਦੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨਾਂ ਦਾ ਸਹਿਯੋਗ ਦੀ ਆਸ ਪ੍ਰਗਟਾਈ।
ਔਜਲਾ ਨੇ ਕਿਹਾ ਕਿ ਕਿਸਾਨ ਕੌਮ ਇਕ ਬਹੁਤ ਗਰੀਬ ਕੌਮ ਹੈ ਜੌ ਕਿ ਆਪਣਾ ਆਪ ਛੱਡ ਹੋਰਾਂ ਨੂੰ ਅੰਨ ਮੁਹਈਆ ਕਰਵਾ ਰਹੀ ਹੈ, ਤੇ ਇਨ੍ਹਾਂ ਲੰਬਾ ਅੰਦੋਲਨ ਚਲਾਉਣਾ ਇਕ ਵੱਡੀ ਉਪਲਬਧੀ ਹੈ। ਉਹਨਾਂ ਕਿਹਾ ਕਿ ਸਾਡੀ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨ ਹਿਤਾਇਸ਼ੀ ਪਾਰਟੀ ਰਹੀ ਹੈ ਤੇ ਸਾਡੇ ਰਾਜ ਵਿੱਚ ਕਿਸਾਨ ਭਾਈਚਾਰੇ ਦੇ ਹੱਕ ਲਈ ਲਏ ਗਏ ਹਰੇਕ ਫੈਸਲੇ ਕਿਸਾਨਾਂ ਦੇ ਉਜੱਵਲੇ ਭਵਿੱਖ ਲਈ ਲਾਹੇਵੰਦ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਅੱਜ ਕਿਸਾਨਾਂ ਸਮੇਤ ਹੋਰ ਵੀ ਲੋਕ ਕਾਂਗਰਸ ਪਾਰਟੀ ਵੱਲੋਂ ਦੇਸ਼ ਹਿੱਤ ਕੀਤੇ ਕੰਮਾਂ ਨੂੰ ਯਾਦ ਕਰਦੇ ਹਨ ਤੇ ਕਰਦੇ ਰਹਿਣਗੇ। ਔਜਲਾ ਨੇ ਕਿਹਾ ਕਿ ਪੰਜਾਬੀਆਂ ਦੀ ਕੌਮ ਝੁੱਕਣ ਵਾਲੀ ਨਹੀਂ ਹੈ ਤੇ ਨਾ ਹੀ ਝੁਕੇਗੀ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਨਾਲ ਕਿਸਾਨਾਂ ਦੇ ਹੌਂਸਲੇ ਨਹੀਂ ਢਾਹੇ ਜਾ ਸਕਦੇ। ਕਿਉਂਕਿ ਇਹ ਸਾਡੇ ਨਹੀਂ ਸਗੋਂ ਪੂਰੇ ਦੇਸ਼ ਦੇ ਅੰਨਦਾਤਾ ਹਨ। ਔਜਲਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਲਈ ਮੈਂ ਹਮੇਸ਼ਾ ਹੀ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤੇ ਦਿੱਲੀ ਵਿੱਚ ਵੀ ਕਿਸਾਨਾਂ ਦੇ ਲਈ ਲੰਬਾ ਸਮਾਂ ਧਰਨੇ ਤੇ ਬੈਠ ਕੇ ਅਸੀਂ ਪਹਿਲਾਂ ਵੀ ਇਹ ਜਿੱਤ ਪ੍ਰਾਪਤ ਕੀਤੀ ਤੇ ਹੁਣ ਵੀ ਅਸੀਂ ਕਿਸਾਨ ਭਾਈਚਾਰੇ ਦੇ ਨਾਲ ਹਾਂ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖਨੋਰੀ ਤੇ ਸ਼ੰਭੂ ਬਾਰਡਰ ਤੇ ਬੰਨ ਬਣਾ ਕੇ ਰੋਕਣਾ ਇਕ ਤਰ੍ਹਾਂ ਦੀ ਅਜਿਹੀ ਕੋਝੀ ਹਰਕਤ ਹੈ ਜਿਸ ਨਾਲ ਕਿਸਾਨਾਂ ਸਮੇਤ ਹੋਰਨਾਂ ਲੋਕਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਜਲਾ ਨੇ ਕਿਹਾ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਕਿਸਾਨਾਂ ਦੇ ਹੱਕਾਂ ਦੀਆਂ ਮੰਗਾਂ ਨੂੰ ਜ਼ਰੂਰ ਮੰਨੇ ਤੇ ਆਪਣੇ ਫੈਸਲੇ ਵਾਪਸ ਲੈਣ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਖੁਸ਼ੀ ਖੁਸ਼ੀ ਵਾਪਸ ਪਰਤਣ।