ਲੁਧਿਆਣਾ, 5 ਜੁਲਾਈ, 2024: ਲੁਧਿਆਣਾ ਦੇ ਲਾਰਡ ਮਹਾਵੀਰ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਵੱਡਾ ਬੁਨਿਆਦੀ ਢਾਂਚਾ ਅਪਗ੍ਰੇਡ ਕਰਨ ਲਈ ਤਿਆਰ ਹੈ, ਜਿਸ ਵਿੱਚ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਐਮ.ਪੀ. ਲੈਡ ਫੰਡਾਂ ਵਿੱਚੋਂ 2 ਕਰੋੜ ਰੁਪਏ ਦੇ ਯੋਗਦਾਨ ਦਾ ਐਲਾਨ ਕੀਤਾ ਹੈ ਜਿਸਦੇ ਤਹਿਤ ਇੱਕ ਕਰੋੜ ਰੁਪਏ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਹੋਰ 1 ਕਰੋੜ ਰੁਪਏ ਨਾਲ ਨਵੇਂ ਮੈਡੀਕਲ ਉਪਕਰਨਾਂ ਦੀ ਖਰੀਦ ਕੀਤੀ ਜਾਵੇਗੀ। ਇਸ ਦਾ ਉਦੇਸ਼ ਸਿਵਲ ਹਸਪਤਾਲ ਨੂੰ ਪੰਜਾਬ ਵਿੱਚ ਸਭ ਤੋਂ ਵਧੀਆ ਸਿਹਤ ਸਹੂਲਤਾਂ ਵਿੱਚੋਂ ਇੱਕ ਬਣਾਉਣਾ ਹੈ।
ਇੱਕ ਕਰੋੜ ਰੁਪਏ ਦੀ ਰਾਸ਼ੀ ਵੀਰਵਾਰ ਦੀ ਮੀਟਿੰਗ ਤੋਂ ਬਾਅਦ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਜਾਰੀ ਕੀਤੀ ਗਈ।
ਸਿਵਲ ਹਸਪਤਾਲ ਵਿਖੇ ਵਿਕਾਸ ਕਾਰਜਾਂ ਦੇ ਨਾਲ ਹਲਵਾਰਾ ਹਵਾਈ ਅੱਡੇ ਅਤੇ ਐਨ.ਐਚ.ਏ.ਆਈ. ਦੇ ਪ੍ਰੋਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਲੋਕਾਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਸੁਧਾਰਨ ਨੂੰ ਪ੍ਰਮੁੱਖ ਤਰਜੀਹ ਦਿੱਤੀ ਗਈ ਹੈ। ਮੁੱਖ ਬੁਨਿਆਦੀ ਢਾਂਚੇ ਦੇ ਨਵੀਨੀਕਰਨ ‘ਤੇ 1 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਦਕਿ ਹੋਰ 1 ਕਰੋੜ ਰੁਪਏ ਦੀ ਵਰਤੋਂ ਉੱਚ ਪੱਧਰੀ ਮੈਡੀਕਲ ਉਪਕਰਨਾਂ ਨੂੰ ਖਰੀਦਣ ਲਈ ਕੀਤੀ ਜਾਵੇਗੀ, ਜਿਸ ਦਾ ਉਦੇਸ਼ ਮਰੀਜ਼ਾਂ ਲਈ ਸਭ ਤੋਂ ਵਧੀਆ ਸਰਕਾਰੀ ਸਿਹਤ ਸਹੂਲਤ ਮੁਹੱਈਆ ਕਰਵਾਉਣਾ ਹੈ। ਨਵੇਂ ਉੱਚ-ਤਕਨੀਕੀ ਉਪਕਰਣ ਡਾਕਟਰਾਂ ਦੀਆਂ ਜ਼ਰੂਰਤਾਂ ਦੇ ਅਧਾਰ ‘ਤੇ ਖਰੀਦੇ ਜਾਣਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਰੀਜ਼ ਇੱਕ ਛੱਤ ਹੇਠ ਸਾਰੀਆਂ ਸਿਹਤ ਸੇਵਾਵਾਂ ਪ੍ਰਾਪਤ ਕਰ ਸਕਣ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਜਲਦ ਮੁਕੰਮਲ ਕਰਨ ਲਈ ਨਿਗਰਾਨ ਕਮੇਟੀ ਦਾ ਗਠਨ ਕੀਤਾ ਜਾਵੇ। ਉਨ੍ਹਾਂ ਸਿਵਲ ਹਸਪਤਾਲ ਵਿੱਚ ਨਵੇਂ ਸੀਵਰੇਜ ਸਿਸਟਮ, ਫਰਸ਼ ਅਤੇ ਸੜਕ ਦੀ ਟਾਇਲਿੰਗ, ਵਾਸ਼ਰੂਮ ਅਤੇ ਜੱਚਾ-ਬੱਚਾ ਸੈਂਟਰ ਦੇ ਨਵੀਨੀਕਰਨ ਦਾ ਕੰਮ ਕਰ ਰਹੇ ਠੇਕੇਦਾਰਾਂ ਨੂੰ ਕੰਮ ਦੀ ਰਫਤਾਰ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ। ਦੋ ਲਿਫਟਾਂ ਦੀ ਮੁਰੰਮਤ ਕਰਨ ਅਤੇ ਸਿਵਲ ਹਸਪਤਾਲ ਦੀ ਸਮੁੱਚੀ ਇਮਾਰਤ ਨੂੰ ਵਾਟਰਪਰੂਫ ਕਰਨ ਦਾ ਪ੍ਰਾਜੈਕਟ ਇਸ ਹਫ਼ਤੇ ਸ਼ੁਰੂ ਹੋ ਜਾਵੇਗਾ।
ਸੰਸਦ ਮੈਂਬਰ ਅਰੋੜਾ ਨੇ ਲੁਧਿਆਣਾ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਉਹ ਉਨ੍ਹਾਂ ਲਈ 24 ਘੰਟੇ ਉਪਲਬਧ ਹਨ।
ਇਸ ਤੋਂ ਇਲਾਵਾ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਹਲਵਾਰਾ ਹਵਾਈ ਅੱਡੇ ‘ਤੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਉਹ ਜਲਦ ਹੀ ਹਵਾਈ ਫੌਜ ਦੇ ਉੱਚ-ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਹਵਾਈ ਫੌਜ ਦੇ ਕੈਂਪਸ ਵਿਖੇ ਲੰਬਿਤ ਕੰਮਾਂ ਨੂੰ ਹੱਲ ਕਰਨ ਲਈ ਜਲਦ ਹੀ ਉਡਾਣ ਸ਼ੁਰੂ ਕਰਨ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਠੇਕੇਦਾਰਾਂ ਨੂੰ ਟਰਮੀਨਲ ਬਿਲਡਿੰਗ ਲਈ ਸੁਰੱਖਿਆ ਸਰਟੀਫਿਕੇਟ ਕਾਰਜਕਾਰੀ ਏਜੰਸੀ ਨੂੰ ਜਮ੍ਹਾ ਕਰਵਾਉਣ ਦੀ ਵੀ ਅਪੀਲ ਕੀਤੀ।
ਅਰੋੜਾ ਨੇ ਲੁਧਿਆਣਾ ਵਿੱਚ ਐਨ.ਐਚ.ਏ.ਆਈ. ਪ੍ਰੋਜੈਕਟਾਂ ਦੀ ਪ੍ਰਗਤੀ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਦੋਵਾਂ ਪਾਸਿਆਂ ਸਮੇਤ 21 ਕਿਲੋਮੀਟਰ ਸਾਈਕਲ ਟ੍ਰੈਕ ਬਣਾਉਣ ਲਈ 2 ਕਰੋੜ ਰੁਪਏ ਦੇ ਟੈਂਡਰ ਜਾਰੀ ਕੀਤੇ ਗਏ ਹਨ। ਐਨ.ਐਚ.ਏ.ਆਈ. ਵੱਲੋਂ ਲਾਡੋਵਾਲ ਬਾਈਪਾਸ ਦੇ ਨਾਲ-ਨਾਲ 19 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਨੈਸ਼ਨਲ ਹਾਈਵੇਜ਼ ਲੌਜਿਸਟਿਕਸ ਮੈਨੇਜਮੈਂਟ ਲਿਮਟਿਡ (ਐਨ.ਐਚ.ਐਲ.ਐਮ.ਐਲ.) ਨੇ ਐਲੀਵੇਟਿਡ ਰੋਡ (ਲੁਧਿਆਣਾ-ਫਿਰੋਜ਼ਪੁਰ) ਦੇ ਨਾਲ ਪਾਰਕਿੰਗ ਸਥਾਨਾਂ ਨੂੰ ਵਿਕਸਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ, ਜਿਸ ਨਾਲ ਟ੍ਰੈਫਿਕ ਨੂੰ ਘੱਟ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਵੱਡੇ ਪੱਧਰ ‘ਤੇ ਲਾਭ ਹੋਵੇਗਾ। ਉਨ੍ਹਾਂ ਲੁਧਿਆਣਾ-ਰੋਪੜ, ਦੱਖਣੀ ਬਾਈਪਾਸ ਦੀ ਸਥਿਤੀ ਅਤੇ ਸਿੱਧਵਾਂ ਨਹਿਰ ‘ਤੇ ਚਾਰ ਪੁਲਾਂ ਦੀ ਉਸਾਰੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਬੱਚਤ ਭਵਨ ਦੇ ਨਵੀਨੀਕਰਨ ਲਈ 15 ਲੱਖ ਰੁਪਏ ਦੇ ਯੋਗਦਾਨ ਦਾ ਵੀ ਐਲਾਨ ਕੀਤਾ।
ਅਰੋੜਾ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਅਤੇ ਨਤੀਜਾਮੁਖੀ ਢੰਗ ਨਾਲ ਸ਼ਹਿਰ ਵਾਸੀਆਂ ਦੇ ਫਾਇਦੇ ਲਈ ਪੂਰਾ ਕੀਤਾ ਜਾਵੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਨੇ ਸੰਸਦ ਮੈਂਬਰ ਦਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਵਾਗਤ ਕੀਤਾ।